ਗੁਆਂਢੀ ਮੁਲਕ ''ਚ ਤਬਾਹੀ ਮਚਾਉਣ ਮਗਰੋਂ ਭਾਰਤ ਵੱਲ ਵਧਿਆ ਭਿਆਨਕ ਤੂਫ਼ਾਨ ! IMD ਨੇ ਜਾਰੀ ਕੀਤਾ Alert
Friday, Nov 28, 2025 - 04:10 PM (IST)
ਨੈਸ਼ਨਲ ਡੈਸਕ- ਚੱਕਰਵਾਤੀ ਤੂਫਾਨ 'ਦਿਤਵਾ' ਕਾਰਨ ਸ਼੍ਰੀਲੰਕਾ ਵਿੱਚ ਭਾਰੀ ਤਬਾਹੀ ਮਚੀ ਹੋਈ ਹੈ। ਭਾਰੀ ਮੀਂਹ ਅਤੇ ਤੂਫ਼ਾਨ ਦੇ ਚੱਲਦਿਆਂ, ਸ੍ਰੀਲੰਕਾ ਵਿੱਚ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਤੂਫਾਨ ਹੋਰ ਤੇਜ਼ ਹੋ ਸਕਦਾ ਹੈ।
ਸ਼੍ਰੀਲੰਕਾ ਵਿੱਚ ਇਹ ਤੂਫ਼ਾਨ ਹਾਲ ਦੇ ਸਾਲਾਂ ਵਿੱਚ ਆਈਆਂ ਸਭ ਤੋਂ ਭਿਆਨਕ ਮੌਸਮੀ ਆਫ਼ਤਾਂ ਵਿੱਚੋਂ ਇੱਕ ਹੈ। ਤੂਫਾਨ ਕਾਰਨ ਸ੍ਰੀਲੰਕਾ ਦੇ ਕਈ ਜ਼ਿਲ੍ਹੇ ਪੂਰੀ ਤਰ੍ਹਾਂ ਜਲਮਗਨ ਹੋ ਗਏ ਹਨ। ਇਸ ਦੌਰਾਨ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਤਬਾਹੀ ਦਾ ਵੱਡਾ ਕਾਰਨ ਬਣੀਆਂ ਹਨ। ਦੇਸ਼ ਦੇ ਚਾਹ ਉਤਪਾਦਕ ਜ਼ਿਲ੍ਹੇ ਬਾਦੁਲਾ ਵਿੱਚ ਰਾਤੋ-ਰਾਤ ਕਈ ਘਰ ਰੁੜ੍ਹ ਗਏ, ਜਿਸ ਕਾਰਨ 21 ਲੋਕਾਂ ਦੀ ਮੌਤ ਹੋ ਗਈ।
ਦੇਸ਼ 'ਚ ਜ਼ਿਆਦਾਤਰ ਮੌਤਾਂ ਲੈਂਡਸਲਾਈਡ ਕਾਰਨ ਹੀ ਹੋਈਆਂ, ਕਿਉਂਕਿ ਇੱਕ ਦਿਨ ਦੇ ਅੰਦਰ ਹੀ ਪੂਰਬੀ ਅਤੇ ਕੇਂਦਰੀ ਖੇਤਰਾਂ ਵਿੱਚ 300 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ। ਸ਼੍ਰੀਲੰਕਾ ਦੇ ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਹੁਣ ਤੱਕ 43,991 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਸਕੂਲਾਂ ਅਤੇ ਜਨਤਕ ਆਸਰਾ ਘਰਾਂ ਵਿੱਚ ਪਹੁੰਚਾਇਆ ਗਿਆ ਹੈ। ਕਈ ਪਰਿਵਾਰਾਂ ਨੂੰ ਵਧਦੇ ਪਾਣੀ ਦੇ ਪੱਧਰ ਕਾਰਨ ਛੱਤਾਂ ਤੋਂ ਬਚਾਇਆ ਗਿਆ ਹੈ।
ਇਹ ਚੱਕਰਵਾਤੀ ਤੂਫ਼ਾਨ 'ਦਿਤਵਾ' ਹੁਣ ਭਾਰਤ ਦੇ ਤੱਟਵਰਤੀ ਸੂਬਿਆਂ ਵੱਲ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਚੇਨਈ ਸਥਿਤ ਖੇਤਰੀ ਮੌਸਮ ਵਿਗਿਆਨ ਕੇਂਦਰ (IMD) ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਲਈ ਤਿੰਨ ਘੰਟਿਆਂ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੁਡੂਚੇਰੀ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਅਤੇ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।
