ਨੂਹ ਹਿੰਸਾ ਮਗਰੋਂ ਹਰਿਆਣਾ ਪੁਲਸ ਦਾ ਵੱਡਾ ਐਕਸ਼ਨ, ਨਾਮੀ ਹੋਟਲ ''ਤੇ ਚੱਲਿਆ ''ਪੀਲਾ ਪੰਜਾ''

Sunday, Aug 06, 2023 - 03:28 PM (IST)

ਨੂਹ ਹਿੰਸਾ ਮਗਰੋਂ ਹਰਿਆਣਾ ਪੁਲਸ ਦਾ ਵੱਡਾ ਐਕਸ਼ਨ, ਨਾਮੀ ਹੋਟਲ ''ਤੇ ਚੱਲਿਆ ''ਪੀਲਾ ਪੰਜਾ''

ਗੁਰੂਗ੍ਰਾਮ- ਨੂਹ ਹਿੰਸਾ ਤੋਂ ਬਾਅਦ ਹਰਿਆਣਾ ਸਰਕਾਰ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ। ਹਰਿਆਣਾ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਹਿੰਸਾ ਪ੍ਰਭਾਵਿਤ ਨੂਹ ਜ਼ਿਲ੍ਹੇ 'ਚ ਇਕ ਹੋਟਲ-ਸਹਿ-ਰੈਸਟੋਰੈਂਟ ਸਮੇਤ ਕਈ ਗੈਰ-ਕਾਨੂੰਨੀ ਢਾਂਚਿਆਂ ਨੂੰ ਢਾਹ ਦਿੱਤਾ, ਜਿੱਥੋਂ ਪਿਛਲੇ ਹਫ਼ਤੇ ਦੀ ਸ਼ੁਰੂਆਤ 'ਚ ਝੜਪਾਂ ਦੌਰਾਨ ਇਕ ਧਾਰਮਿਕ ਯਾਤਰਾ 'ਤੇ ਪਥਰਾਅ ਕੀਤਾ ਗਿਆ ਸੀ। ਨੂਹ 'ਚ ਢਾਹੁਣ ਦੀ ਮੁਹਿੰਮ ਦਾ ਅੱਜ ਚੌਥਾ ਦਿਨ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਉਸ ਨੇ ਅਜਿਹੇ 16 ਗੈਰ-ਕਾਨੂੰਨੀ ਢਾਂਚਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਐਤਵਾਰ ਨੂੰ ਬੁਲਡੋਜ਼ਰ ਨਾਲ ਢਾਹਿਆ  ਜਾਵੇਗਾ। ਸਬ-ਡਵੀਜਨਲ ਮੈਜਿਸਟਰੇਟ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਹ ਇਮਾਰਤਾਂ ਗੈਰ-ਕਾਨੂੰਨੀ ਤੌਰ 'ਤੇ ਬਣਾਈਆਂ ਗਈਆਂ ਸਨ ਅਤੇ ਹਾਲ ਹੀ ਦੀ ਹਿੰਸਾ ਦੌਰਾਨ "ਗੁੰਡਿਆਂ" ਵਲੋਂ ਪਥਰਾਅ ਲਈ ਵਰਤੀਆਂ ਗਈਆਂ ਸਨ।

ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਨਲਹਾਰ ਮੈਡੀਕਲ ਕਾਲਜ ਦੇ ਆਲੇ-ਦੁਆਲੇ 2.6 ਏਕੜ ਜ਼ਮੀਨ ਸਮੇਤ 12 ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਉਸਾਰੀਆਂ ਨੂੰ ਬੁਲਡੋਜ਼ਰ ਨਾਲ ਢਾਹਿਆ। ਸਬ-ਡਵੀਜਨਲ ਮੈਜਿਸਟਰੇਟ ਕੁਮਾਰ ਨੇ ਕਿਹਾ ਸੀ ਇਹ ਗੈਰ-ਕਾਨੂੰਨੀ ਉਸਾਰੀਆਂ ਸਨ। ਢਾਹੀਆਂ ਗਈਆਂ ਇਮਾਰਤਾਂ ਦੇ ਮਾਲਕਾਂ ਨੂੰ ਪਹਿਲਾਂ ਹੀ ਨੋਟਿਸ ਦਿੱਤੇ ਗਏ ਸਨ। ਬ੍ਰਜ ਮੰਡਲ ਤੀਰਥ ਯਾਤਰਾ ਦੌਰਾਨ ਹੋਈ ਹਿੰਸਾ 'ਚ ਕੁਝ ਗੈਰ-ਕਾਨੂੰਨੀ ਢਾਂਚਿਆਂ ਦੇ ਮਾਲਕ ਵੀ ਸ਼ਾਮਲ ਸਨ। ਮੁਹਿੰਮ ਜਾਰੀ ਰਹੇਗੀ।

ਦੱਸ ਦੇਈਏ ਕਿ ਮੁਸਲਿਮ ਬਹੁ-ਗਿਣਤੀ ਵਾਲੇ ਨੂਹ 'ਚ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਦੌਰੇ 'ਤੇ ਭੀੜ ਵਲੋਂ ਹਮਲਾ ਕਰਨ ਤੋਂ ਬਾਅਦ ਹਿੰਸਾ 'ਚ ਦੋ ਹੋਮਗਾਰਡ ਜਵਾਨਾਂ ਅਤੇ ਇਕ ਇਮਾਮ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਨੂਹ ਤੋਂ ਭੜਕੀ ਹਿੰਸਾ ਗੁਰੂਗ੍ਰਾਮ ਅਤੇ ਇਸ ਦੇ ਆਲੇ-ਦੁਆਲੇ ਇਲਾਕਿਆਂ ਵਿਚ ਵੀ ਫੈਲ ਗਈ ਸੀ। 


author

Tanu

Content Editor

Related News