ਮਥੁਰਾ ''ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਮੁਕਾਬਲੇ ਤੋਂ ਬਾਅਦ 3 ਅਪਰਾਧੀ ਗ੍ਰਿਫ਼ਤਾਰ

Sunday, Mar 19, 2023 - 04:29 PM (IST)

ਮਥੁਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਪੁਲਸ ਨੇ ਸ਼ਨੀਵਾਰ ਰਾਤ ਦਿੱਲੀ-ਆਗਰਾ ਰਾਸ਼ਟਰੀ ਰਾਜਮਾਰਗ ਸਥਿਤ ਜੰਗਲ 'ਚ ਹਥਿਆਰ ਫੈਕਟਰੀ ਦਾ ਪਰਦਾਫਾਸ਼ ਕੀਤਾ ਅਤੇ ਮੁਕਾਬਲੇ ਤੋਂ ਬਾਅਦ ਤਿੰਨ ਬਦਮਾਸ਼ ਗ੍ਰਿਫ਼ਤਾਰ ਕੀਤੇ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮੁਕਾਬਲੇ 'ਚ ਪੈਰ 'ਤੇ ਗੋਲੀ ਲੱਗਣ ਤੋਂ ਬਾਅਦ ਇਕ ਬਦਮਾਸ਼ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਤੇ ਉਸ ਦੇ 2 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਛਾਪੇ 'ਚ ਪੁਲਸ ਨੂੰ ਇਕ ਦਰਜਨ ਪਿਸਤੌਲਾਂ ਅਤੇ ਕਾਰਤੂਸ ਬਰਾਮਦ ਹੋਏ ਹਨ। 

ਵਧੀਕ ਪੁਲਸ ਸੁਪਰਡੈਂਟ  ਮਾਰਤੰਡ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਸੂਚਨਾ ਮਿਲੀ ਸੀ ਕਿ ਜੈਂਤ ਥਾਣਾ ਖੇਤਰ ਦੇ ਪਿੰਡ ਧੌਰੇਰਾ ਦੇ ਜੰਗਲ 'ਚ ਕੁਝ ਲੋਕ ਚੋਰੀ-ਚੋਰੀ ਗੈਰ-ਕਾਨੂੰਨੀ ਹਥਿਆਰ ਬਣਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜੰਗਲ 'ਚ ਤਲਾਸ਼ੀ ਦੌਰਾਨ ਇਕ ਸਥਾਨ 'ਤੇ ਅੱਗ ਬਲਦੀ ਦੇਖੀ ਤਾਂ ਉੱਥੇ ਬੈਠੇ ਲੋਕਾਂ ਨੂੰ ਲਲਕਾਰਿਆ, ਇਸ 'ਤੇ ਉਨ੍ਹਾਂ 'ਚੋਂ ਇਕ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਵਾਬੀ ਕਾਰਵਾਈ 'ਚ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਫੜ ਲਿਆ ਗਿਆ। ਉਸ ਦੀ ਪਛਾਣ ਗੋਂਦਾ ਅਟਸ ਦੇ ਅਕਰਮ ਵਜੋਂ ਹੋਈ ਹੈ। ਸਿੰਘ ਨੇ ਦੱਸਿਆ ਕਿ ਉਸ ਦੇ 2 ਹੋਰ ਸਾਥੀ ਭੋਲਾ ਅਤੇ ਨਰੀਜ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮੌਕੇ ਤੋਂ ਇਕ ਦਰਜਨ ਪਿਸਤੌਲਾਂ, 2 ਦਰਜਨ ਕਾਰਤੂਸ ਅਤੇ ਹਥਿਆਰ ਬਣਾਉਣ ਦੇ ਉਪਕਰਣ ਬਰਾਮਦ ਹੋਏ ਹਨ। ਉਨ੍ਹਾਂ ਅਨੁਸਾਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਦੋਵੇਂ ਬਦਮਾਸ਼ਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


DIsha

Content Editor

Related News