IIT ਖੜਗਪੁਰ ਦੇ ਖੋਜਕਰਤਾਵਾਂ ਨੇ ਸੂਖਮ ਸੂਈ ਤਿਆਰ ਕੀਤੀ, ਦਵਾਈ ਦਿੰਦੇ ਸਮੇਂ ਨਹੀਂ ਹੋਵੇਗਾ ਦਰਦ

8/29/2020 6:27:56 PM

ਕੋਲਕਾਤਾ- ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਖੜਗਪੁਰ ਦੇ ਖੋਜਕਰਤਾਵਾਂ ਨੇ ਇਕ ਸੂਖਮ ਸੂਈ ਵਿਕਸਿਤ ਕੀਤੀ ਹੈ, ਜਿਸ ਰਾਹੀਂ ਬਿਨਾਂ ਕਿਸੇ ਦਰਦ ਦੇ ਦਵਾਈ ਦਿੱਤੀ ਜਾ ਸਕਦੀ ਹੈ। ਸੰਸਥਾ ਦੇ ਇਲੈਕਟ੍ਰਾਨਿਕਸ ਅਤੇ ਇਲੈਕਟ੍ਰਿਕਲ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਨੇ ਸੂਈ ਦੇ ਆਕਾਰ ਦੇ ਨਾਲ ਹੀ ਇਸ ਦੀ ਮੋਟਾਈ ਨੂੰ ਵੀ ਘਟਾ ਦਿੱਤਾ ਹੈ ਅਤੇ ਇਸ ਦੀ ਸਮਰੱਥਾ ਨੂੰ ਵਧਾ ਦਿੱਤਾ ਹੈ, ਜਿਸ ਨਾਲ ਸੂਈ ਇਸਤੇਮਾਲ ਦੇ ਸਮੇਂ ਟੁੱਟੇਗੀ ਨਹੀਂ। ਬਿਆਨ 'ਚ ਕਿਹਾ ਗਿਆ ਕਿ ਇਨਸੁਲਿਨ ਲੈਣ ਤੋਂ ਇਲਾਵਾ ਭਵਿੱਖ 'ਚ ਕੋਵਿਡ-19 ਟੀਕਾਕਰਣ 'ਚ ਵੀ ਇਸ ਦਾ ਇਸਤੇਮਾਲ ਹੋ ਸਕੇਗਾ।

ਖੋਜਕਰਤਾ ਪ੍ਰੋਫੈਸਰ ਤਰੁਣ ਕਾਂਤੀ ਭੱਟਾਚਾਰੀਆ ਨੇ ਕਿਹਾ,''ਇਨਸੁਲਿਨ ਲੈਣ ਜਾਂ ਬੀਮਾਰੀਆਂ ਦੀਆਂ ਦਵਾਈਆਂ ਨੂੰ ਦੇਣ 'ਚ ਇਸ ਦੀ ਵਰਤੋਂ ਹੋ ਸਕੇਗੀ। ਕੈਂਸਰ ਦੇ ਕੁਝ ਪ੍ਰਕਾਰ ਅਤੇ ਕੋਵਿਡ-19 ਦਾ ਟੀਕਾ ਦੇਣ 'ਚ ਵੀ ਇਸ ਦੀ ਵਰਤੋਂ ਹੋ ਸਕੇਗੀ।'' ਮੌਜੂਦਾ ਸਮੇਂ 'ਚ ਇਸਤੇਮਾਲ ਹੋਣ ਵਾਲੀ ਸਿਰਿੰਜ ਦੀ ਤੁਲਨਾ 'ਚ ਸੂਖਮ ਸੂਈ ਦਵਾਈ ਦੇਣ ਦੇ ਤਰੀਕੇ 'ਚ ਵਿਆਪਕ ਤਬਦੀਲੀ ਲਿਆ ਸਕਦੀ ਹੈ। ਇਸ ਨਾਲ ਦਰਦ ਵੀ ਨਹੀਂ ਹੋਵੇਗਾ ਅਤੇ ਦਵਾਈ ਦੇਣ 'ਚ ਆਸਾਨੀ ਹੋਵੇਗੀ। ਮੈਡੀਕਲ ਪ੍ਰਬੰਧਾਂ ਦੇ ਅਧੀਨ ਜਾਨਵਰਾਂ ਨੂੰ ਦਵਾਈ ਦੇਣ 'ਚ ਇਸ ਦਾ ਸਫ਼ਲ ਪ੍ਰੀਖਣ ਹੋ ਚੁੱਕਿਆ ਹੈ। ਬਿਆਨ 'ਚ ਕਿਹਾ ਗਿਆ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮ.ਈ.ਆਈ.ਟੀ.ਵਾਈ.) ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਨੇ ਇਸ ਨਵਾਚਾਰ ਲਈ ਖੋਜ ਨੂੰ ਮਦਦ ਪ੍ਰਦਾਨ ਕੀਤੀ ਹੈ।


DIsha

Content Editor DIsha