ਆਈ. ਈ. ਡੀ. ਰਾਹੀਂ ਵੱਡੇ ਧਮਾਕੇ ਕਰਨ ਦੇ ਯਤਨਾਂ ’ਚ ਅੱਤਵਾਦੀ, ਸੁਰੱਖਿਆ ਫੋਰਸਾਂ ਅਲਰਟ ’ਤੇ
Wednesday, Nov 22, 2023 - 01:18 PM (IST)
ਜੰਮੂ, (ਉਦੇ) - ਜੰਮੂ ਕਸ਼ਮੀਰ ’ਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਬੈਠੇ ਅੱਤਵਾਦੀਆਂ ਦੇ ਆਕਾਵਾਂ ਦੇ ਨਿਰਦੇਸ਼ਾਂ ’ਤੇ ਸੂਬੇ ’ਚ ਸਰਗਰਮ ਅੱਤਵਾਦੀ ਅਤੇ ਅੰਡਰਗਰਾਊਂਡ ਕਾਰਕੁਨ ਕੋਈ ਨਾ ਕੋਈ ਵੱਡੀ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਇਸ ਸਾਲ ਅੱਤਵਾਦੀਆਂ ਨੇ ਸ਼ਕਤੀਸ਼ਾਲੀ ਆਈ. ਈ. ਡੀ. ਨੂੰ ਕਈ ਨਾਜ਼ੁਕ ਥਾਵਾਂ 'ਤੇ ਲਾ ਕੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਚੌਕਸ ਸੁਰੱਖਿਆ ਫੋਰਸਾਂ ਨੇ ਹਰ ਵਾਰ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
4 ਫਰਵਰੀ 2019 ਨੂੰ ਅੱਤਵਾਦੀਆਂ ਨੇ ਪੁਲਵਾਮਾ ਵਿੱਚ ਸੀ. ਆਰ. ਪੀ. ਐਫ. ਦੇ ਕਾਫਲੇ 'ਤੇ ਹਮਲਾ ਕੀਤਾ ਸੀ ਜਿਸ ਦੌਰਾਨ 40 ਜਵਾਨ ਸ਼ਹੀਦ ਹੋ ਗਏ ਸਨ। ਜਦੋਂ ਤੋਂ ਕਸ਼ਮੀਰ ਵਿਚ ਅੱਤਵਾਦ ਸ਼ੁਰੂ ਹੋਇਆ ਹੈ, ਅੱਤਵਾਦੀਆਂ ਦੀ ਰਣਨੀਤੀ ਇਹੀ ਰਹੀ ਹੈ ਕਿ ਸੜਕ ਕਿਨਾਰੇ ਆਈ. ਈ. ਡੀ. ਰੱਖ ਕੇ ਰਿਮੋਟ ਜਾਂ ਟਾਈਮਰ ਨਾਲ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾਇਆ ਜਾਏ।
ਸੋਮਵਾਰ ਰਾਤ ਵੀ ਕਿਸ਼ਤਵਾੜ ਦੇ ਹਸਤੀ ਤੋਂ 2 ਕਿਲੋਗ੍ਰਾਮ ਵਾਲਾ ਟਿਫਿਨ ਆਈ. ਈ. ਡੀ. ਬਰਾਮਦ ਕੀਤਾ ਗਿਆ। ਅੱਤਵਾਦੀਆਂ ਦਾ ਨਿਸ਼ਾਨਾ ਪਣਬਿਜਲੀ ਪ੍ਰਾਜੈਕਟ ਨੂੰ ਨੁਕਸਾਨ ਪਹੁੰਚਾਉਣ ਦਾ ਸੀ। ਅਜਿਹੇ ਆਈ. ਈ. ਡੀਜ਼ ਸਮੇਂ-ਸਮੇਂ 'ਤੇ ਫੜ ਕੇ ਸੁਰੱਖਿਆ ਫੋਰਸਾਂ ਨੇ ਕਈ ਵੱਡੇ ਦੁਖਾਂਤ ਟਾਲੇ ਹਨ।
ਜੰਮੂ-ਕਸ਼ਮੀਰ ਪੁਲਸ, ਫੌਜ ਅਤੇ ਸੀ. ਆਰ. ਪੀ. ਐੱਫ. ਦੀ ਚੌਕਸੀ ਕਾਰਨ ਅੱਤਵਾਦੀ ਸਿੱਧੇ ਹਮਲੇ ਦੀ ਬਜਾਏ ਆਈ. ਈ. ਡੀ. ਰਾਹੀਂ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ।
2018 ਤੋਂ ਹੁਣ ਤੱਕ 268.4 ਕਿਲੋਗ੍ਰਾਮ ਵਿਸਫੋਟਕ ਜ਼ਬਤ ਕੀਤੇ ਗਏ
ਅਧਿਕਾਰਤ ਜਾਣਕਾਰੀ ਅਨੁਸਾਰ ਸੁਰੱਖਿਆ ਫੋਰਸਾਂ ਨੇ ਇਸ ਸਾਲ ਮਈ ਤੱਕ 15 ਆਈ. ਈ. ਡੀਜ਼ ਨੂੰ ਨਸ਼ਟ ਕੀਤਾ। ਇਸ ਤੋਂ ਪਹਿਲਾਂ 2018 ’ਚ 131, 2019 ’ਚ 31, 2020 ’ਚ 97, 2021 ’ਚ 89 ਅਤੇ 2022 ’ਚ 154 ਡੈਟੋਨੇਟਰ ਫੜੇ ਗਏ ਸਨ। ਸੁਰੱਖਿਆ ਫੋਰਸਾਂ ਨੇ 2018 ’ਚ 35, 2019 ’ਚ 12, 2020 ’ਚ 5, 2021 ’ਚ 16 ਅਤੇ 2022 ’ਚ 39 ਆਈ. ਈ. ਡੀ. ਫੜੇ ਸਨ। ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੇ 2018 ਤੋਂ ਹੁਣ ਤੱਕ 268.4 ਕਿਲੋਗ੍ਰਾਮ ਵਿਸਫੋਟਕ ਅਤੇ 89 ਗ੍ਰਨੇਡ ਜ਼ਬਤ ਕੀਤੇ ਹਨ।
ਇਸ ਸਾਲ ਬਰਾਮਦ ਆਈ. ਈ. ਡੀ.
• 7 ਮਈ ਨੂੰ ਪੁਲਵਾਮਾ ਦੇ ਅਰਿਗਾਮ ’ਚ 5 ਕਿਲੋ
• 7 ਜੁਲਾਈ ਨੂੰ ਵੋਧਪੋਰਾ, ਹੰਦਵਾੜਾ ’ਚ 2
• 4 ਅਗਸਤ ਨੂੰ ਬਾਰਾਮੂਲਾ ਦੇ ਕਾਲਜ ਦੇ ਬਾਹਰੋਂ
• 22 ਅਗਸਤ ਨੂੰ ਨਗਰੋਟਾ-ਪੰਜਗਰੇਨ ਤੇ ਜੰਮੂ ਤੋਂ
• 3 ਸਤੰਬਰ ਨੂੰ ਰਾਜੌਰੀ ’ਚ
• 10 ਸਤੰਬਰ ਨੂੰ ਪੱਟਨ ’ਚ
• 11 ਸਤੰਬਰ ਨੂੰ ਬਾਰਾਮੂਲਾ ’ਚ
• 5 ਨਵੰਬਰ ਨੂੰ ਜੰਮੂ ਦੇ ਨਰਵਾਲ ਬਾਈਪਾਸ
• 20 ਨਵੰਬਰ ਨੂੰ ਹਸਤੀ, ਕਿਸ਼ਤਵਾੜ ’ਚ 2 ਕਿਲੋ ।