ਛੱਤੀਸਗੜ੍ਹ 'ਚ ਨਕਸਲੀਆਂ ਨੇ ਫੌਜੀ ਟਰੱਕ ਨੂੰ IED ਨਾਲ ਉਡਾਇਆ, ਦੋ ਜਵਾਨ ਸ਼ਹੀਦ
Sunday, Jun 23, 2024 - 08:50 PM (IST)
ਸੁਕਮਾ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਐਤਵਾਰ ਨੂੰ ਨਕਸਲੀਆਂ ਨੇ ਇਕ ਟਰੱਕ ਨੂੰ 'ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ' (ਆਈ.ਈ.ਡੀ.) ਨਾਲ ਉਡਾ ਦਿੱਤਾ, ਜਿਸ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਵਿਸ਼ੇਸ਼ ਇਕਾਈ 'ਕੋਬਰਾ' ਦੇ ਜਵਾਨ ਸ਼ਹੀਦ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਸੂਬੇ ਦੀ ਰਾਜਧਾਨੀ ਰਾਏਪੁਰ ਤੋਂ 400 ਕਿਲੋਮੀਟਰ ਦੂਰ ਸੁਰੱਖਿਆ ਫੋਰਸਾਂ ਦੇ ਸਿਲਗੇਰ ਅਤੇ ਟੇਕਲਗੁਡੇਮ ਕੈਂਪਾਂ ਦੇ ਵਿਚਕਾਰ ਤਿਮਾਪੁਰਮ ਪਿੰਡ ਨੇੜੇ ਦੁਪਹਿਰ 3 ਵਜੇ ਦੇ ਕਰੀਬ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ 'ਕਮਾਂਡੋ ਬਟਾਲੀਅਨ ਫਾਰ ਰੈਜੋਲਿਊਟ ਐਕਸ਼ਨ' (ਕੋਬਰਾ) ਦੀ 201 ਇਕਾਈ ਦੇ ਇਕ ਐਡਵਾਂਸ ਟੁਕੜੀ ਨੇ ਟੇਕਲਗੁਡੇਮ ਵੱਲ ਸੜਕ ਸੁਰੱਖਿਆ ਡਿਊਟੀ ਤਹਿਤ ਜਗਰਗੁੰਡਾ ਪੁਲਸ ਥਾਣੇ ਦੀ ਸਰਹੱਦ ਦੇ ਅਧੀਨ ਸਿਲਗੇਰ ਕੈਂਪ ਤੋਂ ਗਸ਼ਤ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਮੁਲਾਜ਼ਮ ਇਕ ਟਰੱਕ ਅਤੇ ਮੋਟਰਸਾਈਕਲ 'ਤੇ ਸਵਾਰ ਸਨ।
ਉਨ੍ਹਾਂ ਦੱਸਿਆ ਕਿ ਨਕਸਲੀਆਂ ਨੇ ਟਰੱਕ ਨੂੰ ਨਿਸ਼ਾਨਾਂ ਬਣਾ ਕੇ ਆਈ.ਈ.ਡੀ. ਧਮਾਕਾ ਕੀਤਾ, ਜਿਸ ਵਿਚ ਕਾਂਸਟੇਬਲ ਸ਼ੈਲੇਂਦਰ (29) ਅਤੇ ਵਾਹਨ ਚਾਲਕ ਵਿਸ਼ਣੁ ਆਰ (35) ਸ਼ਹੀਦ ਹੋ ਗਏ।
ਅਧਿਕਾਰੀ ਨੇ ਦੱਸਿਆ ਕਿ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਵਾਧੂ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ਾਂ ਨੂੰ ਜੰਗਲ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।