ਨੌਕਰੀ ''ਤੇ ਬੋਝ ਬਣ ਰਹੇ 4 IAS ਅਧਿਕਾਰੀਆਂ ਦੀ ਛੁੱਟੀ, 1100 ਤੋਂ ਵਧ ਦਾ ਰਿਕਾਰਡ ਚੈੱਕ
Saturday, Apr 27, 2019 - 01:32 PM (IST)

ਨਵੀਂ ਦਿੱਲੀ— ਸਰਕਾਰੀ ਨੌਕਰੀ 'ਤੇ ਬੋਝ ਬਣ ਚੁਕੇ ਅਤੇ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਅਧਿਕਾਰੀਆਂ ਦੀ ਪਛਾਣ ਲਈ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ 1,143 ਤੋਂ ਵਧ ਅਧਿਕਾਰੀਆਂ ਦੇ ਸਰਵਿਸ ਰਿਕਾਰਡ ਦੀ ਸਮੀਖਿਆ ਕੀਤੀ ਹੈ। ਜਿਨ੍ਹਾਂ ਅਧਿਕਾਰੀਆਂ ਨੇ 25 ਸਾਲ ਦੀ ਸੇਵਾ ਪੂਰੀ ਕਰ ਲਈ ਹੈ ਜਾਂ 50 ਸਾਲ ਤੋਂ ਵਧ ਉਮਰ ਪੂਰੀ ਕਰ ਚੁਕੇ ਹਨ, ਉਨ੍ਹਾਂ ਦੀ ਸਖਤ ਮਾਪਦੰਡਾਂ 'ਤੇ ਸਮੀਖਿਆ ਹੋਈ ਹੈ। ਇਨ੍ਹਾਂ 'ਚੋਂ 4 ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਖਿਲ ਭਾਰਤੀ ਸੇਵਾਵਾਂ ਦੇ ਡੈਥ-ਕਮ-ਰਿਟਾਇਰਮੈਂਟ ਬੈਨੇਫਿਟਸ ਨਿਯਮ, 1958 ਦੇ ਅਧੀਨ 2015 ਤੋਂ 2018 ਦੌਰਾਨ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਨੌਕਰਸ਼ਾਹਾਂ ਦੀ ਪਛਾਣ ਕਰਨ ਲਈ ਆਈ.ਏ.ਐੱਸ. ਅਧਿਕਾਰੀਆਂ ਦੇ ਸੇਵਾ ਰਿਕਾਰਡ ਦੀ ਸਮੀਖਿਆ ਕੀਤੀ ਗਈ ਹੈ।
ਨਿਯਮਾਂ ਅਨੁਸਾਰ ਸੰਬੰਧਤ ਰਾਜ ਸਰਕਾਰ ਦੀ ਸਲਾਹ ਨਾਲ ਕੇਂਦਰ ਕਿਸੇ ਆਈ.ਏ.ਐੱਸ. ਅਧਿਕਾਰੀ ਨੂੰ ਲਿਖਤੀ ਰੂਪ ਨਾਲ ਘੱਟੋ-ਘੱਟ ਤਿੰਨ ਮਹੀਨੇ ਪਹਿਲਾਂ ਨੋਟਿਸ ਜਾਂ ਤਿੰਨ ਮਹੀਨੇ ਦੀ ਤਨਖਾਹ ਅਤੇ ਅਜਿਹੇ ਨੋਟਿਸ ਦੇ ਬਦਲੇ ਭੱਤੇ ਦੇ ਕੇ ਜਨਤਕ ਹਿੱਤ 'ਚ ਰਿਟਾਇਰ ਹੋਣ ਲਈ ਕਹਿ ਸਕਦਾ ਹੈ। ਇਨ੍ਹਾਂ 'ਚੋਂ ਛੱਤੀਸਗੜ੍ਹ ਦੇ ਕੈਡਰ ਦੇ 2, ਬਿਹਾਰ ਦੇ 1 ਅਤੇ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੈਡਰ ਦੇ ਇਕ ਅਧਿਕਾਰੀ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਹਾਲਾਂਕਿ ਇਨ੍ਹਾਂ ਦ ਨਾਂ ਦਾ ਖੁਲਾਸਾ ਨਹੀਂ ਹੋਇਆ ਹੈ।