IAS ਲੋਖੰਡੇ ਪ੍ਰਸ਼ਾਂਤ ਸੀਤਾਰਾਮ ਬਣੇ CBSE ਦੇ ਨਵੇਂ ਚੇਅਰਮੈਨ
Tuesday, Jun 02, 2026 - 09:07 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਇੱਕ ਅਹਿਮ ਪ੍ਰਸ਼ਾਸਨਿਕ ਫੈਸਲਾ ਲੈਂਦਿਆਂ ਸੀਨੀਅਰ IAS ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਅਦੇਸ਼ਾਂ ਅਨੁਸਾਰ, ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਨੇ ਇਸ ਨਿਯੁਕਤੀ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਕੌਣ ਹਨ ਪ੍ਰਸ਼ਾਂਤ ਸੀਤਾਰਾਮ ਲੋਖੰਡੇ?
ਪ੍ਰਸ਼ਾਂਤ ਸੀਤਾਰਾਮ ਲੋਖੰਡੇ 2001 ਬੈਚ ਦੇ AGMUT ਕੈਡਰ ਦੇ IAS ਅਧਿਕਾਰੀ ਹਨ। ਇਸ ਨਵੀਂ ਜ਼ਿੰਮੇਵਾਰੀ ਤੋਂ ਪਹਿਲਾਂ ਉਹ ਗ੍ਰਹਿ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਕੰਮ ਕਰ ਰਹੇ ਸਨ। ਹੁਣ ਉਹ CBSE ਵਰਗੇ ਵੱਕਾਰੀ ਸਿੱਖਿਆ ਬੋਰਡ ਦੀ ਵਾਗਡੋਰ ਸੰਭਾਲਣਗੇ।
ਰਾਹੁਲ ਸਿੰਘ ਦੀ ਲਈ ਜਗ੍ਹਾ
ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੇ ਰਾਹੁਲ ਸਿੰਘ (IAS, ਬਿਹਾਰ ਕੈਡਰ, 1996 ਬੈਚ) ਦੀ ਜਗ੍ਹਾ ਲਈ ਹੈ। ਰਾਹੁਲ ਸਿੰਘ ਨੂੰ ਹੁਣ ਕੇਂਦਰ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਨਿਯੁਕਤ ਕੀਤਾ ਹੈ।
CBSE ਵਿੱਚ ਵੱਡਾ ਫੇਰਬਦਲ
ਇਸ ਦੇ ਨਾਲ ਹੀ ਸਰਕਾਰ ਨੇ CBSE ਦੇ ਸਕੱਤਰ ਹਿਮਾਂਸ਼ੂ ਗੁਪਤਾ ਦਾ ਵੀ ਬੋਰਡ ਤੋਂ ਤਬਾਦਲਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਨਿਯੁਕਤੀਆਂ ਅਤੇ ਤਬਾਦਲੇ ਅਜਿਹੇ ਸਮੇਂ ਹੋਏ ਹਨ ਜਦੋਂ ਸਿੱਖਿਆ ਮੰਤਰਾਲੇ ਵੱਲੋਂ CBSE ਦੇ ਕੁਝ ਪੁਰਾਣੇ ਕੰਟਰੈਕਟਾਂ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਨਵੇਂ ਚੇਅਰਮੈਨ ਦੀ ਨਿਯੁਕਤੀ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਬੋਰਡ ਦੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਅਤੇ ਤੇਜ਼ੀ ਆਵੇਗੀ।
