ਬਾਬਰੀ ਮਸੀਤ ਮਾਮਲੇ ''ਚ 30 ਸਤੰਬਰ ਨੂੰ ਜੋ ਵੀ ਫੈਸਲਾ ਹੋਵੇ, ਜ਼ਮਾਨਤ ਨਹੀਂ ਲਵਾਂਗੀ: ਉਮਾ ਭਾਰਤੀ
Tuesday, Sep 29, 2020 - 01:04 AM (IST)
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੀ ਆਗੂ ਉਮਾ ਭਾਰਤੀ ਨੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੂੰ ਚਿੱਠੀ ਲਿਖੀ ਹੈ। ਚਿੱਠੀ ਦੇ ਜ਼ਰੀਏ ਉਮਾ ਭਾਰਤੀ ਨੇ ਜੇ.ਪੀ. ਨੱਡਾ ਨੂੰ ਕਿਹਾ ਹੈ ਕਿ ਬਾਬਰੀ ਮਸੀਤ ਮਾਮਲੇ 'ਚ ਜੋ ਵੀ ਫੈਸਲਾ ਆਵੇ ਪਰ ਉਹ ਜ਼ਮਾਨਤ ਨਹੀਂ ਲੈਣਗੀ।
ਬਾਬਰੀ ਮਸੀਤ ਢਾਹੇ ਜਾਣ ਦੇ ਮਾਮਲੇ 'ਚ 30 ਸਤੰਬਰ ਨੂੰ ਫੈਸਲਾ ਸੁਣਾਇਆ ਜਾਣਾ ਹੈ। ਉਮਾ ਭਾਰਤੀ ਨੂੰ ਵੀ 30 ਸਤੰਬਰ ਨੂੰ ਲਖਨਊ ਦੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਫੈਸਲਾ ਸੁਣਨ ਲਈ ਪੇਸ਼ ਹੋਣਾ ਹੈ। ਜੇ.ਪੀ. ਨੱਡਾ ਨੂੰ ਲਿਖੀ ਚਿੱਠੀ 'ਚ ਉਮਾ ਭਾਰਤੀ ਨੇ ਕਿਹਾ ਹੈ ਕਿ ਅਦਾਲਤ ਦਾ ਹਰ ਫੈਸਲਾ ਮੇਰੇ ਲਈ ਭਗਵਾਨ ਦਾ ਅਸ਼ੀਰਵਾਦ ਹੋਵੇਗਾ।
ਚਿੱਠੀ 'ਚ ਉਮਾ ਭਾਰਤੀ ਨੇ ਲਿਖਿਆ, ਮੈਨੂੰ ਅਯੁੱਧਿਆ ਅੰਦੋਲਨ 'ਚ ਭਾਗੀਦਾਰੀ 'ਤੇ ਮਾਣ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਅਯੁੱਧਿਆ ਲਈ ਫ਼ਾਂਸੀ ਵੀ ਮਨਜ਼ੂਰ ਹੈ। ਮੈਂ ਨਹੀਂ ਜਾਣਦੀ ਫੈਸਲਾ ਕੀ ਹੋਵੇਗਾ ਪਰ ਮੈਂ ਅਯੁੱਧਿਆ 'ਤੇ ਜ਼ਮਾਨਤ ਨਹੀਂ ਲਵਾਂਗੀ। ਜ਼ਮਾਨਤ ਲੈਣ ਨਾਲ ਅੰਦੋਲਨ 'ਚ ਭਾਗੀਦਾਰੀ ਦੀ ਇੱਜ਼ਤ ਖ਼ਰਾਬ ਹੋਵੇਗੀ।