ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ ਉਹ ਨਿਭਾਵਾਂਗਾ, ਰਾਹੁਲ ਨੂੰ ਮਨਾਉਣ ਦੀ ਆਖ਼ਰੀ ਕੋਸ਼ਿਸ਼ ਕਰਾਂਗਾ: ਗਹਿਲੋਤ

Wednesday, Sep 21, 2022 - 01:55 PM (IST)

ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ ਉਹ ਨਿਭਾਵਾਂਗਾ, ਰਾਹੁਲ ਨੂੰ ਮਨਾਉਣ ਦੀ ਆਖ਼ਰੀ ਕੋਸ਼ਿਸ਼ ਕਰਾਂਗਾ: ਗਹਿਲੋਤ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲੜਨ ਦਾ ਸਪੱਸ਼ਟ ਸੰਕੇਤ ਦਿੰਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਪਾਰਟੀ ਆਲਾਕਮਾਨ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੇਗਾ, ਉਸ ਨੂੰ ਉਹ ਨਿਭਾਉਣਗੇ। ਦਿੱਲੀ ਪਹੁੰਚੇ ਗਹਿਲੋਤ ਨੇ ਇਹ ਵੀ ਕਿਹਾ ਕਿ ਉਹ ਕੋਚੀ ਜਾ ਕੇ ਰਾਹੁਲ ਗਾਂਧੀ ਨੂੰ ਇਸ ਗੱਲ ਲਈ ਮਨਾਉਣ ਦੀ ਆਖਰੀ ਕੋਸ਼ਿਸ਼ ਕਰਨਗੇ ਕਿ ਉਹ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਮਗਰੋਂ ਹੀ ਤੈਅ ਕਰਨਗੇ ਕਿ ਅੱਗੇ ਕੀ ਕਰਨਾ ਹੈ। 

ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕਾਂਗਰਸ ਦੀ ਸੇਵਾ ਕਰਨੀ ਹੈ। ਜਿੱਥੇ ਮੇਰੀ ਜ਼ਰੂਰਤ ਹੈ, ਮੈਂ ਉੱਥੇ ਤਿਆਰ ਰਹਾਂਗਾ। ਜੇਕਰ ਪਾਰਟੀ ਨੂੰ ਲੱਗਦਾ ਹੈ ਕਿ ਮੇਰੀ ਮੁੱਖ ਮੰਤਰੀ ਦੇ ਰੂਪ ’ਚ ਜ਼ਰੂਰਤ ਹੈ ਜਾਂ ਪ੍ਰਧਾਨ ਦੇ ਰੂਪ ’ਚ ਜ਼ਿਆਦਾ ਜ਼ਰੂਰਤ ਹੈ ਤਾਂ ਮੈਂ ਮਨਾ ਨਹੀਂ ਕਰ ਸਕਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ ਨੇ ਸਭ ਕੁਝ ਦਿੱਤਾ ਹੈ, ਅੱਜ ਜੇਕਰ ਪਾਰਟੀ ਸੰਕਟ ’ਚ ਹੈ ਤਾਂ ਭਾਜਪਾ ਦੇ ਕਾਰਨਾਮਿਆਂ ਕਾਰਨ ਹੈ, ਕੋਈ ਸਾਡੀ ਗਲਤੀ ਨਾਲ ਨਹੀਂ ਹੈ। ਅੱਜ ਜੋ ਸਥਿਤੀ ਹੈ, ਉਸ ’ਚ ਕਾਂਗਰਸ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਕਾਂਗਰਸ ਦੀ ਮਜ਼ਬੂਤੀ ਲਈ ਜਿੱਥੇ ਜ਼ਰੂਰਤ ਹੋਵੇਗੀ, ਉੱਥੇ ਮੈਂ ਖੜ੍ਹਾ ਰਹਾਂਗਾ।

ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਐਲਾਨੇ ਪ੍ਰੋਗਰਾਮ ਅਨੁਸਾਰ 22 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 24 ਤੋਂ 30 ਸਤੰਬਰ ਤੱਕ ਚੱਲੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ਼ 8 ਅਕਤੂਬਰ ਹੈ। ਇਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿਚ 17 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 19 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।


author

Tanu

Content Editor

Related News