ਜੰਮੂ-ਕਸ਼ਮੀਰ ''ਚ ਲੜਾਂਗਾ ਵਿਧਾਨ ਸਭਾ ਚੋਣਾਂ: ਫਾਰੂਕ ਅਬਦੁੱਲਾ
Tuesday, Aug 13, 2024 - 02:56 AM (IST)

ਜੰਮੂ — ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਜੰਮੂ-ਕਸ਼ਮੀਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਉਮੀਦ ਜਤਾਈ ਕਿ ਚੋਣ ਕਮਿਸ਼ਨ ਇਸ ਮਹੀਨੇ ਦੇ ਅੰਤ ਤੱਕ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦੇਵੇਗਾ। ਹਾਲਾਂਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸ ਹਲਕੇ ਤੋਂ ਚੋਣ ਲੜਨਗੇ।
ਡੋਡਾ ਜ਼ਿਲ੍ਹੇ ਵਿੱਚ ਪਾਰਟੀ ਦੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਬਦੁੱਲਾ ਨੇ ਕਿਹਾ, “ਉਹ (ਉਸ ਦਾ ਪੁੱਤਰ ਉਮਰ ਅਬਦੁੱਲਾ) ਮੌਜੂਦਾ ਪ੍ਰਣਾਲੀ ਤਹਿਤ ਚੋਣਾਂ ਨਹੀਂ ਲੜਨਾ ਚਾਹੁੰਦਾ। ਉਨ੍ਹਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਉਹ ਉਦੋਂ ਤੱਕ ਚੋਣਾਂ ਨਹੀਂ ਲੜਨਗੇ ਜਦੋਂ ਤੱਕ (ਜੰਮੂ ਅਤੇ ਕਸ਼ਮੀਰ ਦਾ) ਰਾਜ ਦਾ ਦਰਜਾ ਬਹਾਲ ਨਹੀਂ ਹੋ ਜਾਂਦਾ। ਹਾਲਾਂਕਿ, ਮੈਂ ਚੋਣ ਲੜਨ ਜਾ ਰਿਹਾ ਹਾਂ ਕਿਉਂਕਿ ਮੈਂ ਮਰਿਆ ਨਹੀਂ ਹਾਂ।"
ਅਬਦੁੱਲਾ ਨੇ ਦਾਅਵਾ ਕੀਤਾ ਕਿ ਨੈਸ਼ਨਲ ਕਾਨਫਰੰਸ ਜੰਮੂ-ਕਸ਼ਮੀਰ 'ਚ ਅਗਲੀ ਸਰਕਾਰ ਆਪਣੇ ਦਮ 'ਤੇ ਬਣਾਏਗੀ ਅਤੇ ਉਨ੍ਹਾਂ ਨੂੰ 'ਅੱਲ੍ਹਾ' ਤੋਂ ਇਲਾਵਾ ਕਿਸੇ ਦੇ ਸਮਰਥਨ ਦੀ ਲੋੜ ਨਹੀਂ ਹੈ। ਚੋਣ ਕਮਿਸ਼ਨ ਦੇ ਜੰਮੂ-ਕਸ਼ਮੀਰ ਦੇ ਹਾਲ ਹੀ ਦੇ ਦੌਰੇ 'ਤੇ ਅਬਦੁੱਲਾ ਨੇ ਕਿਹਾ ਕਿ ਰਿਪੋਰਟਾਂ ਦੱਸਦੀਆਂ ਹਨ ਕਿ 21 ਤੋਂ 25 ਅਗਸਤ ਦਰਮਿਆਨ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਲਈ ਤਿਆਰ ਹਾਂ।