ਮੈਨੂੰ ‘10 ਜਨਪਥ’ ਪਸੰਦ ਨਹੀਂ, ਇਥੇ ਰਹਿੰਦਿਆਂ ਮੇਰੇ ਪਿਤਾ ਦੀ ਹੋਈ ਸੀ ਮੌਤ: ਰਾਹੁਲ

Saturday, Nov 02, 2024 - 10:00 AM (IST)

ਮੈਨੂੰ ‘10 ਜਨਪਥ’ ਪਸੰਦ ਨਹੀਂ, ਇਥੇ ਰਹਿੰਦਿਆਂ ਮੇਰੇ ਪਿਤਾ ਦੀ ਹੋਈ ਸੀ ਮੌਤ: ਰਾਹੁਲ

ਨਵੀਂ ਦਿੱਲੀ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦਿੱਲੀ ਦੇ ਲੁਟੀਅਨ ਖੇਤਰ ਸਥਿਤ ਸਰਕਾਰੀ ਨਿਵਾਸ ‘10 ਜਨਪਥ’ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਨਹੀਂ ਹੈ, ਕਿਉਂਕਿ ਇਥੇ ਰਹਿੰਦਿਆਂ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਦੀ ਮੌਤ ਹੋਈ ਸੀ। ਉਨ੍ਹਾਂ ਨੇ ਦੀਵਾਲੀ ਦੇ ਮੌਕੇ ’ਤੇ ਕੁਝ ਪੇਂਟਰ ਅਤੇ ਘੁਮਿਆਰ ਪਰਿਵਾਰਾਂ ਨਾਲ ਗੱਲਬਾਤ ਕਰਨ ਨਾਲ ਜੁੜੇ ਆਪਣੇ ਇਕ ਵੀਡੀਓ ’ਚ ਇਹ ਟਿੱਪਣੀ ਕੀਤੀ। ਇਸ ਵੀਡੀਓ ’ਚ ਉਨ੍ਹਾਂ ਨਾਲ ਭਣੇਵਾਂ ਰੇਹਾਨ ਰਾਜੀਵ ਵਾਡਰਾ ਵੀ ਨਜ਼ਰ ਆ ਰਿਹਾ ਹੈ। ਵੀਡੀਓ ’ਚ ਰਾਹੁਲ ਗਾਂਧੀ ਅਤੇ ਰੇਹਾਨ ਪੇਂਟਰਾਂ ਨਾਲ ਕੰਮ ਕਰਦੇ ਵੀ ਵੇਖੇ ਜਾ ਸਕਦੇ ਹਨ।

ਇਸ ਵੀਡੀਓ ’ਚ ਰਾਹੁਲ ਗਾਂਧੀ ਆਪਣੇ ਭਣੇਵੇਂ ਨੂੰ ਕਹਿੰਦੇ ਹਨ ਕਿ ਇਥੇ ਮੇਰੇ ਪਿਤਾ ਦੀ ਮੌਤ ਹੋਈ, ਇਸ ਲਈ ਮੈਨੂੰ ਇਹ ਮਕਾਨ ਬਹੁਤ ਜ਼ਿਆਦਾ ਪਸੰਦ ਨਹੀਂ ਹੈ। ਰਾਹੁਲ ਗਾਂਧੀ ਨੇ ਪੇਂਟਰ ਅਤੇ ਘੁਮਿਆਰ ਪਰਿਵਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਦੇ ਤਜਰਬਿਆਂ ਅਤੇ ਕੰਮ ਦੀ ਸਥਿਤੀ ਬਾਰੇ ਜਾਣਿਆ। ਉਨ੍ਹਾਂ ਨੇ ਆਪਣੇ ਯੂ-ਟਿਊਬ ਚੈਨਲ ’ਤੇ ਇਹ ਵੀਡੀਓ ਪੋਸਟ ਕਰਦੇ ਹੋਏ ਕਿਹਾ ਇਕ ਯਾਦਗਾਰ ਦੀਵਾਲੀ, ਖਾਸ ਲੋਕਾਂ ਨਾਲ। ਇਹ ਦੀਵਾਲੀ ਕੁਝ ਪੇਂਟਰ ਭਰਾਵਾਂ ਨਾਲ ਕੰਮ ਕਰ ਕੇ, ਇਕ ਘੁਮਿਆਰ ਪਰਿਵਾਰ ਨਾਲ ਮਿੱਟੀ ਦੇ ਦੀਵੇ ਬਣਾ ਕੇ ਮਨਾਈ। ਉਨ੍ਹਾਂ ਦੇ ਕੰਮ ਨੂੰ ਨੇੜਿਓਂ ਵੇਖਿਆ, ਉਨ੍ਹਾਂ ਦਾ ਹੁਨਰ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀਆਂ ਤਕਲੀਫਾਂ ਅਤੇ ਸਮੱਸਿਆਵਾਂ ਨੂੰ ਸਮਝਿਆ।

ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ (ਲੋਕ) ਆਪਣੇ ਘਰ ਨਹੀਂ ਜਾਂਦੇ ਹਨ। ਅਸੀਂ ਤਿਉਹਾਰ ਖੁਸ਼ੀ ਨਾਲ ਮਨਾ ਲਈਏ, ਥੋੜ੍ਹੇ ਪੈਸੇ ਕਮਾ ਲਈਏ, ਇਸ ਲਈ ਆਪਣਾ ਪਿੰਡ, ਸ਼ਹਿਰ, ਪਰਿਵਾਰ ਸਭ ਭੁੱਲ ਜਾਂਦੇ ਹਨ। ਉਹ ਮਿੱਟੀ ਨਾਲ ਖੁਸ਼ੀਆਂ ਬਣਾਉਂਦੇ ਹਨ, ਦੂਸਰਿਆਂ ਦੇ ਤਿਉਹਾਰ ਨੂੰ ਰੌਸ਼ਨ ਕਰਦੇ-ਕਰਦੇ ਕੀ ਖੁਦ ਉਜਾਲਿਆਂ ’ਚ ਜੀਅ ਪਾਉਂਦੇ ਹਨ? ਘਰ ਬਣਾਉਣ ਵਾਲੇ ਆਪਣੇ ਘਰ ਮੁਸ਼ਕਿਲ ਨਾਲ ਚਲਾ ਪਾਉਂਦੇ ਹਨ। ਆਸ ਕਰਦਾ ਹਾਂ ਕਿ ਇਹ ਦੀਵਾਲੀ ਤੁਹਾਡੇ ਸਾਰਿਆਂ ਦੀ ਜ਼ਿੰਦਗੀ ’ਚ ਖੁਸ਼ਹਾਲੀ, ਤਰੱਕੀ ਅਤੇ ਪਿਆਰ ਲੈ ਕੇ ਆਏ।


author

Tanu

Content Editor

Related News