ਮੈਂ ਭਾਜਪਾ ''ਚ ਸ਼ਾਮਲ ਨਹੀਂ ਹੋ ਰਿਹਾ ਹਾਂ: ਪਾਇਲਟ

07/16/2020 1:46:35 AM

ਨਵੀਂ ਦਿੱਲੀ/ਜੈਪੁਰ : ਰਾਜਸਥਾਨ ਦੇ ਉਪ-ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਚਿਨ ਪਾਇਲਟ ਨੇ ਬੁੱਧਵਾਰ ਨੂੰ ਕਿਹਾ ਕਿ ਮੈਂ ਭਾਜਪਾ 'ਚ ਸ਼ਾਮਲ ਨਹੀਂ ਹੋ ਰਿਹਾ ਹਾਂ। ਮੈਂ ਕਾਂਗਰਸ ਨੂੰ ਰਾਜਸਥਾਨ ਦੀ ਸੱਤਾ 'ਚ ਵਾਪਸ ਲਿਆਉਣ ਅਤੇ ਭਾਜਪਾ ਨੂੰ ਹਰਾਉਣ ਲਈ ਬਹੁਤ ਮਿਹਨਤ ਕੀਤੀ ਹੈ। ਰਾਜਸਥਾਨ ਦੇ ਕੁੱਝ ਨੇਤਾ ਇਨ੍ਹਾਂ ਅਫਵਾਹਾਂ ਨੂੰ ਹਵਾ ਦੇ ਰਹੇ ਹਨ ਕਿ ਮੈਂ ਭਾਜਪਾ 'ਚ ਸ਼ਾਮਲ ਹੋਣ ਜਾ ਰਿਹਾ ਹਾਂ, ਜਦੋਂ ਕਿ ਇਹ ਸੱਚ ਨਹੀਂ ਹੈ। ਅਜਿਹੀਆਂ ਅਫਵਾਹਾਂ ਮੇਰਾ ਅਕਸ ਖ਼ਰਾਬ ਕਰਣ ਲਈ ਫੈਲਾਈਆਂ ਜਾ ਰਹੀਆਂ ਹਨ। ਦੋਵਾਂ ਪ੍ਰਮੁੱਖ ਅਹੁਦਿਆਂ ਤੋਂ ਹਟਾਏ ਜਾਣ ਤੋਂ ਬਾਅਦ ਪਾਇਲਟ ਨੇ ਪਹਿਲੀ ਵਾਰ ਜਨਤਕ ਰੂਪ ਨਾਲ ਇੰਨੀ ਵੱਡੀ ਟਿੱਪਣੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਆਪਣੇ ਅਗਲੇ ਕਦਮ ਬਾਰੇ ਕੋਈ ਫ਼ੈਸਲਾ ਲੈਣਗੇ।

ਦੂਜੇ ਪਾਸੇ, ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਸੀਂ ਆਪਣੇ ਯੂਵਾ ਸਾਥੀ ਸਚਿਨ ਪਾਇਲਟ ਅਤੇ ਕਾਂਗਰਸ ਵਿਧਾਇਕਾਂ ਨੂੰ ਕਹਾਂਗੇ ਕਿ ਜੇਕਰ ਤੁਸੀਂ ਭਾਜਪਾ 'ਚ ਨਹੀਂ ਜਾਣਾ ਚਾਹੁੰਦੇ ਤਾਂ ਫਿਰ ਭਾਜਪਾ ਦੀ ਹਰਿਆਣਾ ਸਰਕਾਰ ਦੀ ਮੇਜ਼ਬਾਨੀ ਤੁਰੰਤ ਅਸਵੀਕਾਰ ਕਰੋ। ਮਨੋਹਰ ਲਾਲ ਖੱਟੜ ਦੀ ਭਾਜਪਾ ਸਰਕਾਰ ਦੇ ਸੁਰੱਖਿਆ ਚੱਕਰ ਨੂੰ ਤੋੜ ਕੇ ਉਨ੍ਹਾਂ ਦੇ ਚੁੰਗਲ ਤੋਂ ਬਾਹਰ ਆਓ। ਪਾਇਲਟ ਅਤੇ ਸਮਰਥਕ ਵਿਧਾਇਕ ਹਰਿਆਣਾ 'ਚ ਮਾਨੇਸਰ ਦੇ 2 ਹੋਟਲਾਂ 'ਚ ਠਹਿਰੇ ਹੋਏ ਹਨ।

ਜਿਸ ਨੂੰ ਪਾਰਟੀ ਤੋਂ ਜਾਣਾ ਹੈ ਉਹ ਜਾਵੇਗਾ, ਘਬਰਾਉਣ ਦੀ ਜ਼ਰੂਰਤ ਨਹੀਂ: ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪਾਰਟੀ ਦੀ ਵਿਦਿਆਰਥੀ ਇਕਾਈ ਐੱਨ.ਐੱਸ.ਯੂ.ਆਈ. ਦੇ ਸੀਨੀਅਰ ਅਧਿਕਾਰੀਆਂ ਨਾਲ ਡਿਜੀਟਲ ਬੈਠਕ 'ਚ ਕਿਹਾ ਕਿ ਜਿਸ ਨੂੰ ਪਾਰਟੀ ਤੋਂ ਜਾਣਾ ਹੈ, ਉਹ ਜਾਵੇਗਾ ਪਰ ਇਸ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਦੋਂ ਕੋਈ ਵੱਡਾ ਨੇਤਾ ਪਾਰਟੀ ਛੱਡ ਕੇ ਜਾਂਦਾ ਹੈ ਤਾਂ ਤੁਹਾਡੇ ਵਰਗੇ ਲੋਕਾਂ ਲਈ ਰਾਹ ਖੁੱਲ੍ਹਦੇ ਹਨ। 

ਸਾਰੀਆਂ ਜ਼ਿਲ੍ਹਾ ਅਤੇ ਬਲਾਕ ਕਮੇਟੀਆਂ ਭੰਗ ਕੀਤੀਆਂ
ਕਾਂਗਰਸ ਨੇ ਰਾਜਸਥਾਨ ਇਕਾਈ ਦੇ ਪ੍ਰਧਾਨ ਅਹੁਦੇ ਤੋਂ ਸਚਿਨ ਪਾਇਲਟ ਨੂੰ ਹਟਾਉਣ ਤੋਂ ਬਾਅਦ ਬੁੱਧਵਾਰ ਨੂੰ ਪ੍ਰਦੇਸ਼ ਦੀਆਂ ਸਾਰੀਆਂ ਜ਼ਿਲ੍ਹਾ ਅਤੇ ਬਲਾਕ ਕਮੇਟੀਆਂ ਨੂੰ ਭੰਗ ਕਰ ਦਿੱਤਾ। ਨਵੀਆਂ ਕਮੇਟੀਆਂ ਦੇ ਗਠਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ।

ਗਹਿਲੋਤ ਦਾ ਇਸ਼ਾਰਾ-ਵਿਧਾਇਕਾਂ ਦੀ ਖਰੀਦ-ਫਰੋਖ਼ਤ 'ਚ ਸਿੱਧੇ ਸ਼ਾਮਲ ਸਨ ਸਚਿਨ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਾਇਲਟ ਦਾ ਨਾਮ ਲਏ ਬਿਨਾਂ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਹ ਸਿੱਧੇ ਤੌਰ 'ਤੇ ਭਾਜਪਾ ਨਾਲ ਵਿਧਾਇਕਾਂ ਦੀ ਖਰੀਦ-ਫਰੋਖ਼ਤ 'ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸਫਾਈ ਕੌਣ  ਦੇ ਰਹੇ ਸਨ? ਸਫਾਈ ਉਹੀ ਨੇਤਾ ਦੇ ਰਹੇ ਸਨ ਜੋ ਖੁਦ ਸਾਜ਼ਿਸ਼ 'ਚ ਸ਼ਾਮਲ ਸਨ। ਸਾਡੇ ਇੱਥੇ ਉਪ-ਮੁੱਖ ਮੰਤਰੀ ਹੋਣ, ਪੀ.ਸੀ.ਸੀ. ਪ੍ਰਧਾਨ ਹੋਣ ਉਹ ਖੁਦ ਹੀ ਜੇਕਰ ਡੀਲ ਕਰਣ। ਉਹ ਸਫਾਈ ਦੇ ਰਹੇ ਹਨ ਕਿ ਸਾਡੇ ਇੱਥੇ ਕੋਈ ਹਾਰਸ ਟ੍ਰੇਡਿੰਗ ਨਹੀਂ ਹੋ ਰਹੀ ਸੀ। ਤੁਸੀਂ ਤਾਂ ਖੁਦ ਸਾਜ਼ਿਸ਼ 'ਚ ਸ਼ਾਮਿਲ ਸੀ।  ਤੁਸੀਂ ਕੀ ਸਫਾਈ ਦੇ ਰਹੇ ਹੋ।
 


Inder Prajapati

Content Editor

Related News