ਭਾਜਪਾ ''ਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ''ਤੇ ਸ਼ੈਲਜਾ ਨੇ ਲਾਇਆ ਵਿਰਾਮ, ਆਖੀ ਇਹ ਗੱਲ
Monday, Sep 23, 2024 - 04:24 PM (IST)
ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਨਾਰਾਜ਼ਗੀ ਦੀਆਂ ਖ਼ਬਰਾਂ ਵਿਚਾਲੇ ਸੋਮਵਾਰ ਨੂੰ ਕਿਹਾ ਕਿ ਉਹ ਕਾਂਗਰਸੀ ਹੈ ਅਤੇ ਅਗਲੇ 2-3 ਦਿਨ ਵਿਚ ਚੋਣ ਪ੍ਰਚਾਰ ਸ਼ੁਰੂ ਕਰੇਗੀ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨਾਲ ਬੈਠਕ ਨੂੰ ਲੈ ਕੇ ਕਿਹਾ ਕਿ ਸੀਨੀਅਰ ਨੇਤਾਵਾਂ ਨਾਲ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਸ਼ੈਲਜਾ ਨੇ ਕਿਹਾ ਕਿ ਪਾਰਟੀ ਵਿਚ 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਪਰ ਉਹ ਪਾਰਟੀ ਦੇ ਅੰਦਰ ਦੀਆਂ ਗੱਲਾਂ ਹੁੰਦੀਆਂ ਹਨ। ਪਾਰਟੀ ਨੂੰ ਜਿਤਾਉਣ ਲਈ ਅਸੀਂ ਲੋਕ ਸਭਾ ਚੋਣਾਂ ਵਿਚ ਮਿਹਨਤ ਕੀਤੀ, ਉਸ ਤੋਂ ਬਾਅਦ ਵੀ ਮਿਹਨਤ ਕੀਤੀ ਇਸ ਲਈ ਕਿ ਅਸੀਂ ਜ਼ਮੀਨ 'ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਸਕੀਏ। ਹਰਿਆਣਾ ਦੇ ਲੋਕਾਂ ਦੀ ਲੜਾਈ ਲੜੀਏ, ਆਪਣੇ ਵਰਕਰਾਂ ਦੀ ਲੜਾਈ ਲੜੀਏ।
ਕਾਂਗਰਸ ਲੀਡਰਸ਼ਿਪ ਨਾਲ ਉਨ੍ਹਾਂ ਦੀ ਮੁਲਾਕਾਤ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਨੇਤਾਵਾਂ ਨਾਲ ਵਾਰ-ਵਾਰ ਗੱਲਬਾਤ ਹੁੰਦੀ ਹੈ, ਉਹ ਸਾਡੀ ਫੀਡਬੈਕ ਲੈਂਦੇ ਹਨ। ਭਾਜਪਾ ਦੇ ਤੰਜ਼ ਅਤੇ ਉਨ੍ਹਾਂ ਨੂੰ ਆਪਣੇ ਨਾਲ ਆਉਣ ਦਾ ਸੱਦਾ ਦੇਣ ਦੇ ਸਵਾਲ 'ਤੇ ਕਾਂਗਰਸ ਨੇਤਾ ਨੇ ਕਿਹਾ ਕਿ ਮੈਂ ਚੁੱਪ ਸੀ, ਇਸ ਲਈ ਉਹ ਕੁਝ ਨਾ ਕੁਝ ਗੱਲਾਂ ਬਣਾਉਂਦੇ ਗਏ। ਉਨ੍ਹਾਂ ਨੂੰ ਵੀ ਪਤਾ ਹੈ ਅਤੇ ਸਾਰਿਆਂ ਨੂੰ ਪਤਾ ਹੈ ਕਿ ਸ਼ੈਲਜਾ ਕਾਂਗਰਸੀ ਹੈ।
ਦੱਸ ਦੇਈਏ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ 61 ਸਾਲਾ ਸ਼ੈਲਜਾ ਪਾਰਟੀ ਦਾ ਇਕ ਮੁੱਖ ਦਲਿਤ ਚਿਹਰਾ ਹੈ। ਹਰਿਆਣਾ ਵਿਚ ਆਉਣ ਵਾਲੀ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਅਜਿਹੇ ਵਿਚ ਸੱਤਾਧਾਰੀ ਭਾਜਪਾ, ਦਲਿਤ ਨੇਤਾ ਦੇ ਚੋਣ ਪ੍ਰਚਾਰ ਤੋਂ ਦੂਰ ਰਹਿਣ ਨੂੰ ਲੈ ਕੇ ਕਾਂਗਰਸ 'ਤੇ ਲਗਾਤਾਰ ਨਿਸ਼ਾਨਾ ਵਿੰਨ ਰਹੀ ਹੈ।