ਹੈਦਰਾਬਾਦ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਤਸਵੀਰਾਂ 'ਚ ਵੇਖੋ ਹਾਲਾਤ
Sunday, Oct 18, 2020 - 05:06 PM (IST)
ਤੇਲੰਗਾਨਾ— ਮੋਹਲੇਧਾਰ ਮੀਂਹ ਕਾਰਨ ਹੈਦਰਾਬਾਦ ਵਿਚ ਹੜ੍ਹ ਆ ਗਿਆ ਅਤੇ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਸ਼ਨੀਵਾਰ ਸ਼ਾਮ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ ਅਤੇ ਥਾਂ-ਥਾਂ ਪਾਣੀ ਭਰ ਗਿਆ। ਸ਼ਹਿਰ ਵਿਚ 150 ਮਿ.ਮੀ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ 'ਚ ਸ਼ਹਿਰ ਦਾ ਹਾਲ ਦੇਖਿਆ ਜਾ ਸਕਦਾ ਹੈ ਕਿ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਬਾ ਸਰਕਾਰ ਨੇ ਕਿਹਾ ਕਿ ਭਾਰੀ ਮੀਂਹ ਕਾਰਨ 50 ਲੋਕਾਂ ਦੀ ਜਾਨ ਚੱਲੀ ਗਈ ਹੈ ਅਤੇ ਸ਼ੁਰੂਆਤੀ ਅਨੁਮਾਨਾਂ ਤੋਂ ਲੱਗਭਗ 9,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀ ਪ੍ਰਭਾਵਿਤ ਖੇਤਰਾਂ 'ਚ ਰਾਹਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ। ਕੁਝ ਇਲਾਕੇ ਪਾਣੀ ਵਿਚ ਡੁੱਬੇ ਹੋਏ ਹਨ।
ਫਸੇ ਹੋਏ ਲੋਕਾਂ ਨੂੰ ਕੱਢਣ ਲਈ ਫ਼ੌਜ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੇ ਕਾਮਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਮੌਸਮ ਅਧਿਕਾਰੀਆਂ ਨੇ ਕਿਹਾ ਕਿ ਤੇਲੰਗਾਨਾ ਸੂਬੇ ਤੋਂ ਇਲਾਵਾ ਹੜ੍ਹ ਨੇ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੇ ਚੌਕਸੀ ਅਤੇ ਆਫ਼ਤ ਪ੍ਰਬੰਧਨ ਦੇ ਡਾਇਰੈਕਟਰ ਵਿਸ਼ਵਜੀਤ ਕੰਪਾਟੀ ਨੇ ਇਕ ਟਵੀਟ ਵਿਚ ਕਿਹਾ ਕਿ ਆਫ਼ਤ ਪ੍ਰਬੰਧਨ ਫੋਰਸ ਲਗਾਤਾਰ ਪਾਣੀ ਅਤੇ ਹੜ੍ਹ ਦੇ ਬਚਾਅ ਕੰਮ ਕਰ ਰਹੀ ਹੈ। ਹੈਦਰਾਬਾਦ ਮੌਸਮ ਦਫ਼ਤਰ ਨੇ ਕਿਹਾ ਕਿ ਐਤਵਾਰ ਨੂੰ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਹਲਕੇ ਤੋਂ ਮੱਧ ਮੀਂਹ ਜਾਂ ਗਰਜ ਨਾਲ ਬੌਛਾਰਾ ਪੈਣ ਦੀ ਸੰਭਾਵਨਾ ਹੈ।