ਪਤੀ ਵੱਲੋਂ ਪਤਨੀ ਨੂੰ 'ਪਰਜੀਵੀ' ਕਹਿਣਾ ਸਮੁੱਚੀ ਔਰਤ ਜਾਤੀ ਦਾ ਅਪਮਾਨ : ਦਿੱਲੀ ਹਾਈ ਕੋਰਟ
Wednesday, Sep 25, 2024 - 12:50 AM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਸਿਰਫ ਇਸ ਲਈ ਕਿ ਪਤਨੀ ਰੋਜ਼ੀ-ਰੋਟੀ ਕਮਾਉਣ ਦੇ ਸਮਰੱਥ ਹੈ, ਪਤੀ ਨੂੰ ਉਸ ਲਈ ਗੁਜ਼ਾਰੇ ਭੱਤੇ ਦਾ ਭੁਗਤਾਨ ਕਰਨ ਤੋਂ ਛੋਟ ਨਹੀਂ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਪਤਨੀ ਨੂੰ ‘ਪਰਜੀਵੀ’ ਕਹਿਣਾ ਉਸ ਦੇ ਨਾਲ-ਨਾਲ ਸਮੁੱਚੀ ਔਰਤ ਜਾਤੀ ਦਾ ਅਪਮਾਨ ਹੈ।
ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਇਕ ਹੇਠਲੀ ਅਦਾਲਤ ਵੱਲੋਂ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੇ ਨਿਰਦੇਸ਼ ਵਿਰੁੱਧ ਪਤੀ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਭਾਰਤੀ ਔਰਤਾਂ ਪਰਿਵਾਰ ਦੀ ਦੇਖਭਾਲ ਕਰਨ, ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਆਪਣੇ ਪਤੀ ਤੇ ਉਸ ਦੇ ਮਾਪਿਆਂ ਦੀ ਦੇਖਭਾਲ ਕਰਨ ਲਈ ਆਪਣੀ ਨੌਕਰੀ ਛੱਡ ਦਿੰਦੀਆਂ ਹਨ।
ਪਟੀਸ਼ਨਕਰਤਾ ਪਤੀ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਦੱਸਿਆ ਜਾਂਦਾ ਹੈ। ਹੇਠਲੀ ਅਦਾਲਤ ਨੇ ਪਟੀਸ਼ਨਰ ਪਤੀ ਨੂੰ ਪਤਨੀ ਨੂੰ 30,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦੇ ਨਾਲ-ਨਾਲ ਮਾਨਸਿਕ ਤਸ਼ੱਦਦ ਲਈ 5 ਲੱਖ ਰੁਪਏ ਦੇਣ ਦਾ ਵੀ ਹੁਕਮ ਦਿੱਤਾ ਸੀ।
ਹੁਕਮਾਂ ਨੂੰ ਚੁਣੌਤੀ ਦਿੰਦਿਆਂ ਪਟੀਸ਼ਨਰ ਨੇ ਹਾਈ ਕੋਰਟ ’ਚ ਦਲੀਲ ਦਿੱਤੀ ਕਿ ਉਸ ਦੀ ਪਤਨੀ ਇਕ ਬੁਟੀਕ ’ਚ ਕੰਮ ਕਰਦੀ ਹੈ , ਇਸ ਲਈ ਉਸ ਨੂੰ ਕਾਨੂੰਨ ਦੀ ਦੁਰਵਰਤੋਂ ਕਰ ਕੇ ‘ਪਰਜੀਵੀ’ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।