ਇੰਸਟਾਗ੍ਰਾਮ ''ਤੇ ਪਿਆਰ, ਕੋਰਟ ਮੈਰਿਜ ਤੇ 9 ਮਹੀਨਿਆਂ ਬਾਅਦ ਖ਼ੌਫ਼ਨਾਕ ਅੰਤ; ਜ਼ਿੰਦਾ ਸਾੜ ''ਤੀ ਘਰਵਾਲੀ

Monday, Oct 26, 2026 - 10:35 PM (IST)

ਇੰਸਟਾਗ੍ਰਾਮ ''ਤੇ ਪਿਆਰ, ਕੋਰਟ ਮੈਰਿਜ ਤੇ 9 ਮਹੀਨਿਆਂ ਬਾਅਦ ਖ਼ੌਫ਼ਨਾਕ ਅੰਤ; ਜ਼ਿੰਦਾ ਸਾੜ ''ਤੀ ਘਰਵਾਲੀ

ਸੁਪੌਲ : ਬਿਹਾਰ ਦੇ ਸੁਪੌਲ ਜ਼ਿਲ੍ਹੇ ਵਿੱਚ ਪ੍ਰੇਮ ਵਿਆਹ ਤੋਂ ਮਹਿਜ਼ ਨੌਂ ਮਹੀਨਿਆਂ ਬਾਅਦ ਇੱਕ 21 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਤਲਾਕ ਦੇ ਕਾਗਜ਼ਾਂ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰਨ 'ਤੇ ਪਤੀ ਨੇ ਆਪਣੀ ਪਤਨੀ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਗੰਭੀਰ ਰੂਪ ਵਿੱਚ ਝੁਲਸੀ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਕਾਰਵਾਈ ਕਰਦਿਆਂ ਮੁੱਖ ਆਰੋਪੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਪਿਤਾ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਹੈ।

ਇਹ ਘਟਨਾ ਸੁਪੌਲ ਜ਼ਿਲ੍ਹੇ ਦੇ ਰਤਨਪੁਰ ਥਾਣਾ ਖੇਤਰ ਦੀ ਸਾਤਨਪੱਟੀ ਪੰਚਾਇਤ ਦੇ ਲਾਲਮਨਪੱਟੀ ਸਥਿਤ ਸੁਪੌਲ ਉਪ-ਸ਼ਾਖਾ ਨਹਿਰ ਨੇੜੇ ਵਾਪਰੀ ਹੈ। ਮ੍ਰਿਤਕਾ ਦੀ ਪਛਾਣ ਮੁੱਜ਼ਫ਼ਰਪੁਰ ਜ਼ਿਲ੍ਹੇ ਦੇ ਕਰਜਾ ਥਾਣਾ ਖੇਤਰ ਦੀ ਰਹਿਣ ਵਾਲੀ ਦਾਮਿਨੀ ਕੁਮਾਰੀ (21) ਵਜੋਂ ਹੋਈ ਹੈ। ਪੁਲਸ ਅਨੁਸਾਰ ਆਰੋਪੀ ਸੰਜੀਵ ਸਾਹ ਅਤੇ ਦਾਮਿਨੀ ਦੀ ਪਛਾਣ ਲਗਭਗ ਦੋ ਸਾਲ ਪਹਿਲਾਂ ਇੰਸਟਾਗ੍ਰਾਮ ਰਾਹੀਂ ਹੋਈ ਸੀ। ਸੋਸ਼ਲ ਮੀਡੀਆ 'ਤੇ ਗੱਲਬਾਤ ਵਧਣ ਤੋਂ ਬਾਅਦ ਦੋਵਾਂ ਵਿੱਚ ਪਿਆਰ ਹੋ ਗਿਆ ਅਤੇ ਲਗਭਗ ਨੌਂ ਮਹੀਨੇ ਪਹਿਲਾਂ ਦੋਵਾਂ ਨੇ ਕੋਰਟ ਮੈਰਿਜ ਕਰ ਲਈ ਸੀ।

ਵੀਰਪੁਰ ਦੇ ਐੱਸ.ਡੀ.ਪੀ.ਓ. (SDPO) ਪਵਨ ਕੁਮਾਰ ਅਨੁਸਾਰ ਵਿਆਹ ਤੋਂ ਬਾਅਦ ਦੋਵਾਂ ਵਿਚਾਲੇ ਕੁਝ ਮੁੱਦਿਆਂ 'ਤੇ ਵਿਵਾਦ ਰਹਿਣ ਲੱਗ ਪਿਆ ਸੀ। ਸੰਜੀਵ ਨੇ ਮੁੱਜ਼ਫ਼ਰਪੁਰ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਹੋਈ ਸੀ, ਪਰ ਦਾਮਿਨੀ ਤਲਾਕ ਲਈ ਤਿਆਰ ਨਹੀਂ ਸੀ ਅਤੇ ਕਾਗਜ਼ਾਂ 'ਤੇ ਦਸਤਖ਼ਤ ਨਹੀਂ ਕਰਨਾ ਚਾਹੁੰਦੀ ਸੀ। ਆਰੋਪ ਹੈ ਕਿ ਇਸੇ ਰੰਜਿਸ਼ ਦੇ ਚੱਲਦਿਆਂ ਪਤੀ ਨੇ ਪਤਨੀ ਦੇ ਕਤਲ ਦੀ ਸਾਜ਼ਿਸ਼ ਰਚੀ।

ਪੁਲਸ ਦੀ ਜਾਂਚ ਅਨੁਸਾਰ, ਸ਼ਨੀਵਾਰ ਰਾਤ ਲਗਭਗ 8 ਵਜੇ ਦਾਮਿਨੀ ਭਪਤੀਆਹੀ ਚੌਂਕ ਪਹੁੰਚੀ ਸੀ, ਜਿੱਥੇ ਸੰਜੀਵ ਨੇ ਉਸ ਨੂੰ ਖਾਣਾ ਖੁਆਇਆ। ਇਸ ਤੋਂ ਬਾਅਦ ਉਹ ਬਾਈਕ ਰਾਹੀਂ ਪੂਰਬੀ ਕੋਸੀ ਤਟਬੰਧ ਬਾਰਡਰ ਰੋਡ ਤੋਂ ਪੈਟਰੋਲ ਦੀ ਬੋਤਲ ਖ਼ਰੀਦ ਕੇ ਲਿਆਇਆ ਅਤੇ ਦਾਮਿਨੀ ਦੇ ਪਲਾਸਟਿਕ ਦੇ ਥੈਲੇ 'ਚ ਰੱਖ ਦਿੱਤੀ। ਫਿਰ ਉਹ ਪਤਨੀ ਨੂੰ ਕੋਸੀ ਬੰਨ੍ਹ ਤੋਂ ਲਗਭਗ 17 ਕਿਲੋਮੀਟਰ ਦੂਰ ਲਾਲਮਨਪੱਟੀ ਨਹਿਰ ਕੋਲ ਸੁਨਸਾਨ ਜਗ੍ਹਾ 'ਤੇ ਲੈ ਗਿਆ, ਜਿੱਥੇ ਰਾਤ 10 ਵਜੇ ਦੇ ਕਰੀਬ ਉਸ ਨੇ ਦਾਮਿਨੀ ਦੇ ਸ਼ਰੀਰ 'ਤੇ ਪੈਟਰੋਲ ਛਿੜਕ ਕੇ ਮਾਚਿਸ ਨਾਲ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਗੰਭੀਰ ਰੂਪ 'ਚ ਝੁਲਸੀ ਦਾਮਿਨੀ ਨੂੰ ਇਲਾਜ ਲਈ ਸਦਰ ਹਸਪਤਾਲ ਸੁਪੌਲ ਲਿਜਾਇਆ ਗਿਆ, ਜਿੱਥੇ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪੁਲਸ ਨੇ ਘਟਨਾ ਸਥਾਨ ਤੋਂ ਮਿਲੇ ਜਲਣਸ਼ੀਲ ਪਦਾਰਥਾਂ ਦੇ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁੱਖ ਆਰੋਪੀ ਪਤੀ ਸੰਜੀਵ ਸਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਪਿਤਾ ਕੀਨੂ ਸਾਹ ਨੂੰ ਵੀ ਹਿਰਾਸਤ 'ਚ ਲੈ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਪੁਲਸ ਵੱਲੋਂ ਪੀੜਤ ਪਰਿਵਾਰ ਦੀ ਦਰਖ਼ਾਸਤ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
 


author

Inder Prajapati

Content Editor

Related News