ਭਿਆਨਕ ਸੜਕ ਹਾਦਸਾ: ਹੋਮਗਾਰਡ ਦੀ ਪ੍ਰੀਖਿਆ ਦੇਣ ਜਾ ਰਹੇ ਪਤੀ-ਪਤਨੀ ਦੀ ਮੌਤ

Monday, Apr 27, 2026 - 11:07 PM (IST)

ਭਿਆਨਕ ਸੜਕ ਹਾਦਸਾ: ਹੋਮਗਾਰਡ ਦੀ ਪ੍ਰੀਖਿਆ ਦੇਣ ਜਾ ਰਹੇ ਪਤੀ-ਪਤਨੀ ਦੀ ਮੌਤ

ਇਟਾਵਾ : ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਸਰਕਾਰੀ ਨੌਕਰੀ ਦਾ ਸੁਪਨਾ ਲੈ ਕੇ ਘਰੋਂ ਨਿਕਲੇ ਇੱਕ ਨੌਜਵਾਨ ਜੋੜੇ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਕਾਰਨ ਮਹਿਜ਼ ਡੇਢ ਮਹੀਨੇ ਦੀ ਮਾਸੂਮ ਬੱਚੀ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਹੈ, ਜਿਸ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਭਰਥਨਾ-ਇਟਾਵਾ ਮਾਰਗ 'ਤੇ ਪਿੰਡ ਸੀਹਪੁਰ ਨੇੜੇ ਐਤਵਾਰ ਦੇਰ ਸ਼ਾਮ ਵਾਪਰਿਆ। ਦੀਪਕ ਉਰਫ ਸ਼ੇਰੂ ਆਪਣੀ ਪਤਨੀ ਅਨਾਮਿਕਾ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ, ਜਦੋਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਅਰਟਿਗਾ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਸੜਕ 'ਤੇ ਦੂਰ ਜਾ ਡਿੱਗੇ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਲਾਂਕਿ ਰਾਹਗੀਰਾਂ ਨੇ ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਪਕ ਹੋਮਗਾਰਡ ਭਰਤੀ ਦੀ ਪ੍ਰੀਖਿਆ ਦੇਣ ਲਈ ਆਗਰਾ ਜਾ ਰਿਹਾ ਸੀ। ਉਸ ਦੀ ਯੋਜਨਾ ਸੀ ਕਿ ਉਹ ਪਹਿਲਾਂ ਆਪਣੇ ਸਹੁਰੇ ਘਰ ਰੁਕ ਕੇ ਰਾਤ ਦੀ ਟ੍ਰੇਨ ਰਾਹੀਂ ਆਗਰਾ ਜਾਵੇਗਾ, ਪਰ ਰਸਤੇ ਵਿੱਚ ਹੀ ਇਹ ਭਾਣਾ ਵਰਤ ਗਿਆ। ਜ਼ਿਕਰਯੋਗ ਹੈ ਕਿ ਦੀਪਕ ਅਤੇ ਅਨਾਮਿਕਾ ਨੇ ਸਾਲ 2022 ਵਿੱਚ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਹ ਇੱਕ ਖੁਸ਼ਹਾਲ ਜੀਵਨ ਜੀਅ ਰਹੇ ਸਨ।

ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ ਅਤੇ ਫਰਾਰ ਕਾਰ ਚਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਜਦੋਂ ਦੋਵਾਂ ਦੀਆਂ ਦੇਹਾਂ ਇਕੱਠੀਆਂ ਪਿੰਡ ਪਹੁੰਚੀਆਂ ਤਾਂ ਹਰ ਅੱਖ ਨਮ ਸੀ।


author

Inder Prajapati

Content Editor

Related News