ਬੱਚੇ ਕਰ ਸਕਣ ਆਨਲਾਈਨ ਪੜ੍ਹਾਈ, ਕਿਸਾਨ ਪਿਤਾ ਨੇ ਸਮਾਰਟ ਫੋਨ ਖਰੀਦਣ ਲਈ ਵੇਚੀ ਗਾਂ

07/23/2020 6:59:37 PM

ਸ਼ਿਮਲਾ— ਬੱਚਿਆਂ ਦੀ ਆਨਲਾਈਨ ਕਲਾਸਾਂ ਚੱਲਦੀਆਂ ਰਹਿਣ, ਇਸ ਲਈ ਹਿਮਾਚਲ ਦੇ ਇਕ ਕਿਸਾਨ ਨੇ ਆਪਣੀ ਗਾਂ ਨੂੰ ਵੇਚ ਦਿੱਤਾ। ਗਾਂ ਇਸ ਪਰਿਵਾਰ ਦੀ ਆਦਮਨ ਦਾ ਇਕਲੌਤਾ ਮਾਧਿਅਮ ਸੀ। ਕਿਸਾਨ ਨੇ ਗਾਂ ਨੂੰ ਵੇਚ ਕੇ ਆਪਣੇ ਬੱਚਿਆਂ ਲਈ ਸਮਾਰਟ ਫੋਨ ਖਰੀਦਿਆ ਹੈ, ਤਾਂ ਕਿ ਉਹ ਆਨਲਾਈਨ ਕਲਾਸਾਂ ਜਾਰੀ ਰੱਖ ਸਕਣ। ਕੁਲਦੀਪ ਕੁਮਾਰ ਜੋ ਕਿ ਕਾਂਗੜ ਜ਼ਿਲ੍ਹੇ ਦੇ ਜਵਾਲਾਮੁਖੀ ਦਾ ਵਸਨੀਕ ਹੈ, ਨੇ ਕਿਹਾ ਕਿ ਸਕੂਲ ਮਾਰਚ ਮਹੀਨੇ ਤੋਂ ਬੰਦ ਹਨ। ਮੇਰੇ ਬੱਚਿਆਂ ਨੂੰ ਪੜ੍ਹਾਈ ਜਾਰੀ ਰੱਖਣ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਉਸ ਨੇ ਕਿਹਾ ਕਿ ਮੇਰੇ ਦੋ ਬੱਚੇ ਹਨ ਜੋ ਕਿ ਚੌਥੀ ਅਤੇ ਦੂਜੀ ਕਲਾਸ 'ਚ ਪੜ੍ਹਦੇ ਹਨ। ਸਮਾਰਟ ਫੋਨ ਨਾ ਹੋਣ ਕਾਰਨ ਉਹ ਪੜ੍ਹਾਈ ਤੋਂ ਵਾਂਝੇ ਸਨ, ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਕੂਲਾਂ ਦੀ ਪੜ੍ਹਾਈ ਆਨਲਾਈਨ ਹੋ ਰਹੀ ਹੈ। ਬੱਚਿਆਂ ਦੀ ਪੜ੍ਹਾਈ ਕਾਰਨ ਉਸ 'ਤੇ ਭਾਰੀ ਦਬਾਅ ਸੀ ਕਿ ਉਹ ਉਨ੍ਹਾਂ ਨੂੰ ਸਮਾਰਟ ਫੋਨ ਖਰੀਦ ਕੇ ਦੇਵੇ, ਤਾਂ ਕਿ ਉਸ ਨੇ ਬੱਚੇ ਵੀ ਆਨਲਾਈਨ ਕਲਾਸਾਂ 'ਚ ਹਿੱਸਾ ਲੈ ਸਕਣ। 

PunjabKesari

ਕੁਲਦੀਪ ਨੇ ਅੱਗੇ ਦੱਸਿਆ ਕਿ ਮੈ ਉਧਾਰ ਲਈ ਕਈਆਂ ਤੋਂ ਪੈਸੇ ਮੰਗੇ। ਬੈਂਕਾਂ ਤੋਂ ਵੀ 6 ਹਜ਼ਾਰ ਰੁਪਏ ਦਾ ਕਰਜ਼ ਮੰਗਿਆ ਪਰ ਮੇਰੀ ਮਾਲੀ ਹਾਲਤ ਕਾਰਨ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਸਕੂਲ ਅਧਿਆਪਕਾਂ ਨੇ ਕਿਹਾ ਕਿ ਜੇਕਰ ਪੜ੍ਹਾਈ ਜਾਰੀ ਰੱਖਣੀ ਹੈ ਤਾਂ ਸਮਾਰਟ ਫੋਨ ਖਰੀਦੋ। ਅਖੀਰ ਵਿਚ ਆਪਣੀ ਗਊ ਵੇਚਣ ਲਈ ਮਜਬੂਰ ਹੋ ਗਿਆ, ਜੋ ਕਿ ਉਸ ਦੀ ਆਮਦਨ ਦਾ ਇਕੋ-ਇਕ ਸਾਧਨ ਸੀ। ਗਾਂ ਵੀ 6 ਹਜ਼ਾਰ ਰੁਪਏ 'ਚ ਵਿਕੀ। 6 ਹਜ਼ਾਰ ਰੁਪਏ ਦਾ ਉਸ ਨੇ ਸਮਾਰਟ ਫੋਨ ਬੱਚਿਆਂ ਲਈ ਖਰੀਦਿਆ। 

ਦੱਸ ਦੇਈਏ ਕਿ ਕੁਲਦੀਪ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਜਵਾਲਾਮੁਖੀ 'ਚ ਕੱਚੇ ਘਰ ਵਿਚ ਰਹਿੰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਕੋਲ ਬੀ. ਪੀ. ਐੱਲ. ਕਾਰਡ ਵੀ ਨਹੀਂ ਹੈ। ਕੁਲਦੀਪ ਨੇ ਅੱਗੇ ਦੱਸਿਆ ਕਿ ਉਸ ਨੇ ਪੰਚਾਇਤ ਨਾਲ ਕਈ ਵਾਰ ਸੰਪਰਕ ਕੀਤਾ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਪਰ ਕੁਝ ਨਹੀਂ ਬਣਿਆ। ਉਸ ਨੇ ਪੰਚਾਇਤ ਨੂੰ ਕਿਹਾ ਕਿ ਉਸ ਦਾ ਨਾਂ ਬੀ. ਪੀ. ਐੱਲ. ਯੋਜਨਾ ਵਿਚ ਜੋੜ ਦਿੱਤਾ ਜਾਵੇ ਪਰ ਪੰਚਾਇਤ ਨੇ ਵੀ ਉਸ ਦੀ ਕੋਈ ਗੱਲ ਨਹੀਂ ਸੁਣੀ ਗਈ। ਫਿਲਹਾਲ ਜਵਾਲਾਮੁਖੀ ਵਿਧਾਇਕ ਰਮੇਸ਼ ਧਵਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਬੀ. ਡੀ. ਓ. ਅਤੇ ਐੱਸ. ਡੀ. ਐੱਮ. ਡਾਇਰੈਕਟਰ ਨੂੰ ਨਿਰੇਦਸ਼ ਦਿੱਤਾ ਕਿ ਕੁਲਦੀਪ ਕੁਮਾਰ ਨੂੰ ਤੁਰੰਤ ਆਰਥਿਕ ਮਦਦ ਪ੍ਰਦਾਨ ਕੀਤੀ ਜਾਵੇ।


Tanu

Content Editor

Related News