ਪ੍ਰਿਅੰਕਾ ਨੂੰ ਵਾਇਨਾਡ ਤੋਂ ਜ਼ਿਮਨੀ ਚੋਣ ’ਚ ਉਤਾਰ ਕੇ ਕਿੰਨੀ ਸਫਲ ਹੋਵੇਗੀ ਕਾਂਗਰਸ!

Friday, Jun 21, 2024 - 12:49 AM (IST)

ਪ੍ਰਿਅੰਕਾ ਨੂੰ ਵਾਇਨਾਡ ਤੋਂ ਜ਼ਿਮਨੀ ਚੋਣ ’ਚ ਉਤਾਰ ਕੇ ਕਿੰਨੀ ਸਫਲ ਹੋਵੇਗੀ ਕਾਂਗਰਸ!

ਨੈਸ਼ਨਲ ਡੈਸਕ- ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਪ੍ਰਿਅੰਕਾ ਗਾਂਧੀ ਦੇ ਚੋਣ ਰਣ ’ਚ ਉਤਰਨ ਦੀ ਸੰਭਾਵਨਾ ਤੋਂ ਕਾਂਗਰਸ ਉਤਸ਼ਾਹਿਤ ਹੈ ਪਰ ਹਾਲ ਦੀਆਂ ਚੋਣਾਂ ’ਚ ਰਾਹੁਲ ਗਾਂਧੀ ਦੀ ਜਿੱਤ ਦੇ ਫਰਕ ’ਚ ਗਿਰਾਵਟ ਪਾਰਟੀ ਸੰਗਠਨ ਅਤੇ ਚੁਣੇ ਹੋਏ ਖੇਤਰ ’ਚ ਇਸ ਦੇ ਪ੍ਰਚਾਰ ’ਚ ਕਈ ਕਮੀਆਂ ਨੂੰ ਦਰਸਾਉਂਦੀ ਹੈ। ਰਾਹੁਲ ਦੀ ਜਿੱਤ ਦਾ ਫਰਕ 2019 ’ਚ 4.31 ਲੱਖ ਤੋਂ ਡਿੱਗ ਕੇ 2024 ’ਚ 3.64 ਲੱਖ ਹੋ ਗਿਆ ਜਦਕਿ ਕੁਝ ਯੂ.ਡੀ.ਐੱਫ. ਉਮੀਦਵਾਰਾਂ ਨੇ ਆਪਣੇ ਫਰਕ ਨੂੰ ਦੁੱਗਣਾ ਕਰ ਦਿੱਤਾ।

ਰਾਹੁਲ ਦੀ ਵੋਟ ਸ਼ੇਅਰ 2019 ’ਚ 64.64 ਫੀਸਦੀ ਤੋਂ ਘੱਟ ਕੇ ਇਸ ਵਾਰ 59.69 ਫੀਸਦੀ ਰਹਿ ਗਈ ਹੈ। ਪ੍ਰਿਅੰਕਾ ਗਾਂਧੀ ਵਾਇਨਾਡ ਤੋਂ ਚੋਣ ਰਣ ’ਚ ਉਤਾਰ ਕੇ ਕਾਂਗਰਸ ਦੱਖਣ ਭਾਰਤ ’ਚ ਖੁਦ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਦੂਜਾ ਦੇਸ਼ ਦੀ ਸੱਤਾ ਦਾ ਰਾਹ ਉੱਤਰ ਪਰਦੇਸ਼ ਤੋਂ ਹੀ ਹੋ ਕੇ ਜਾਂਦਾ ਹੈ, ਇਸ ਲਈ ਇਨ੍ਹਾਂ ਚੋਣਾਂ ’ਚ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਗਾਂਧੀ ਹੁਣ ਯੂ.ਪੀ. ਨਹੀਂ ਛੱਡਣਾ ਚਾਹੁੰਦੇ। ਹਾਲਾਂਕਿ ਇਹ ਜ਼ਿਮਨੀ ਚੋਣ ਦੇ ਨਤੀਜੇ ਹੀ ਦੱਸਣਗੇ ਕਿ ਕਾਂਗਰਸ ਆਪਣੀ ਰਣਨੀਤੀ ’ਚ ਕਿੰਨੀ ਸਫਲ ਹੁੰਦੀ ਹੈ ਕਿਉਂਕਿ ਸਿਆਸਤ ’ਚ ਕੁਝ ਵੀ ਸੰਭਵ ਹੈ।

ਤਿੰਨ ਵਿਧਾਨ ਸਭਾ ਖੇਤਰਾਂ ’ਚ ਵੋਟ ਦੀ ਗਿਰਾਵਟ

ਵਾਇਨਾਡ ਲੋਕ ਸਭਾ ਸੀਟ ਦੇ ਅਧੀਨ ਆਉਣ ਵਾਲੇ 7 ਵਿਧਾਨ ਸਭਾ ਖੇਤਰਾਂ ’ਚੋਂ ਕਲਪੇਟਾ, ਮਨੰਤਾਵਡੀ ਅਤੇ ਸੁਲਤਾਨ ਬਾਥਰੀ ਵਿਧਾਨ ਸਭਾ ਖੇਤਰਾਂ ’ਚ ਰਾਹੁਲ ਦੀਆਂ ਵੋਟਾਂ ’ਚ ਭਾਰੀ ਗਿਰਾਵਟ ਆਈ ਹੈ। ਇਨ੍ਹਾਂ ਤਿੰਨ ਵਿਧਾਨ ਸਭਾ ਖੇਤਰਾਂ ’ਚ ਰਾਹੁਲ ਨੂੰ ਮਿਲੀਆਂ ਵੋਟਾਂ ’ਚ ਕਮੀ ਆਈ ਹੈ। 2019 ਦੀਆਂ ਚੋਣਾਂ ਦੇ ਫਰਕ ਨਾਲ ਤੁਲਨਾ ਕਰੀਏ ਤਾਂ ਇਸ ਵਾਰ ਰਾਹੁਲ ਨੇ 67,328 ਘੱਟ ਵੋਟਾਂ ਨਾਲ ਸੀਟ ਜਿੱਤੀ ਹੈ। ਇਨ੍ਹਾਂ ’ਚੋਂ 56,491 ਵੋਟਾਂ ਦਾ ਨੁਕਸਾਨ ਤਿੰਨ ਵਿਧਾਨ ਸਭਾ ਖੇਤਰਾਂ ਤੋਂ ਹੋਇਆ ਹੈ, ਜਿਨ੍ਹਾਂ ’ਚੋਂ ਦੋ ’ਤੇ ਕਾਂਗਰਸ ਦੇ ਵਿਧਾਇਕ ਹਨ।

ਇਸੇ ਦੌਰਾਨ ਮਲੱਪੁਰਮ ਜ਼ਿਲੇ ਦੇ ਅਧੀਨ ਆਉਣ ਵਾਲੇ ਏਰਨਾਂਦ ਵਿਧਾਨ ਸਭਾ ਖੇਤਰ ’ਚ ਰਾਹੁਲ ਦੀ ਵੋਟ ਸ਼ੇਅਰ ਅਤੇ ਮਾਰਜਿਨ ’ਚ ਵਾਧਾ ਹੋਇਆ ਹੈ ਜਿੱਥੇ ਕਾਂਗਰਸ ਦੀ ਸਹਿਯੋਗੀ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐੱਮ.ਐੱਲ.) ਦੀ ਮਜ਼ਬੂਤ ਹਾਜ਼ਰੀ ਹੈ। ਹਾਲਾਂਕਿ, ਮਲੱਪੁਰਮ ਦੇ ਵੰਦੂਰ ਅਤੇ ਨੀਲਾਂਬੁਰ ਵਿਧਾਨ ਸਭਾ ਖੇਤਰਾਂ ’ਚ ਰਾਹੁਲ ਦਾ ਮਾਰਜਿਨ 2019 ਦੇ ਮੁਕਾਬਲੇ ਘੱਟ ਹੋਇਆ ਹੈ।

ਕੇਰਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਵਿਧਾਇਕ ਵੀ.ਡੀ. ਸਤੀਸ਼ਨ ਨੇ ਕਿਹਾ ਕਿ ਸੂਬੇ ਨੇ ਪ੍ਰਿਅੰਕਾ ਨੂੰ ਪਹਿਲਾਂ ਹੀ ਆਪਣੇ ਦਿਲਾਂ ’ਚ ਥਾਂ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਨੇ ਅਜਿਹਾ ਫੈਸਲਾ ਲਿਆ ਹੈ ਜੋ ਰਾਇਬਰੇਲੀ ਅਤੇ ਵਾਇਨਾਡ ਦੋਵਾਂ ਦੇ ਲੋਕਾਂ ਨੂੰ ਪ੍ਰਵਾਨ ਹੈ। ਉਹ ਵਾਇਨਾਡ ਤੋਂ ਭਾਰੀ ਬਹੁਮਤ ਨਾਲ ਚੁਣੀ ਹੋਵੇਗੀ। ਪ੍ਰਿਅੰਕਾ ਵਾਇਨਾਡ ਦੇ ਵੋਟਰਾਂ ਤੋਂ ਜਾਣੂ ਹਨ। ਰਾਹੁਲ ਦੇ 2019 ਅਤੇ 2024 ਦੇ ਮੁਹਿੰਮਾਂ ’ਚ ਉਹ ਚੋਣ ਖੇਤਰ ’ਚ ਰੈਲੀਆਂ ਅਤੇ ਰੋਡ ਸ਼ੋਅ ’ਚ ਉਨ੍ਹਾਂ ਨਾਲ ਸ਼ਾਮਲ ਹੋਏ ਸਨ।

ਆਈ.ਯੂ.ਐੱਮ.ਐੱਲ. ਦੀ ਸੂਬਾ ਇਕਾਈ ਦੇ ਪ੍ਰਧਾਨ ਪਨੱਕੜ ਸਾਦਿਕ ਅਲੀ ਸ਼ਿਹਾਬ ਥੰਗਲ ਨੇ ਕਿਹਾ ਕਿ ਪਾਰਟੀ ਨੇ ਕਾਂਗਰਸ ਲੀਡਰਸ਼ਿਪ ਨੂੰ ਬੇਨਤੀ ਕੀਤੀ ਸੀ ਕਿ ਰਾਹੁਲ ਦੀ ਸੀਟ ਖਾਲੀ ਕਰਨ ਦੀ ਸਥਿਤੀ ’ਚ ਪ੍ਰਿਅੰਕਾ ਨੂੰ ਮੈਦਾਨ ’ਚ ਉਤਾਰਿਆ ਜਾਵੇ। ਇਹ ਇਕ ਅਜਿਹਾ ਫੈਸਲਾ ਹੈ ਜੋ ਕੇਰਲ ’ਚ ਇੰਡੀਆ ਬਲਾਕ ਅਤੇ ਯੂ.ਡੀ.ਐੱਫ. ਨੂੰ ਮਜ਼ਬੂਤ ਕਰੇਗਾ। ਇਹ ਧਰਮਨਿਰਪੱਖਤਾ ਦੇ ਭਵਿੱਖ ਨੂੰ ਯਕੀਨੀ ਬਣਾਵੇਗਾ। ਪ੍ਰਿਅੰਕਾ ਦਾ ਲੋਕ ਸਭਾ ’ਚ ਹੋਣਾ ਲਾਜ਼ਮੀ ਹੈ। ਲੋਕਾਂ ਦੀ ਇੱਛਾ ਹੈ ਕਿ ਉਹ ਵਾਇਨਾਡ ਤੋਂ ਚੋਣ ਲੜੇ।

ਸੀ.ਪੀ.ਆਈ. ਨੇ ਸੂਬਾ ਸਕੱਤਰ ਬਿਨੋਏ ਵਿਸ਼ਵਮ ਨੇ ਕਿਹਾ ਕਿ ‘‘ਵਾਇਨਾਡ ਛੱਡ ਕੇ ਰਾਹੁਲ ਨੇ ਆਪਣੇ ਵੋਟਰਾਂ ਨੂੰ ਧੋਖਾ ਦਿੱਤਾ ਹੈ। ਸੀ.ਪੀ.ਆਈ. ਅਤੇ ਲੈਫਟ ਡੈਮੋਕ੍ਰੇਟਿਕ ਫ੍ਰੰਟ (ਐਲ.ਡੀ.ਐੱਫ.) ਪ੍ਰਿਅੰਕਾ ਵਿਰੁੱਧ ਉਮੀਦਵਾਰ ’ਤੇ ਸਮੂਹਿਕ ਫੈਸਲਾ ਲੈਣਗੇ। ਐੱਲ.ਡੀ.ਐੱਫ. ਵਾਇਨਾਡ ’ਚ ਯੂ.ਡੀ.ਐੱਫ. ਨੂੰ ਸਖਤ ਟੱਕਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਇਹ ਨਾਟਕ ਨਹੀਂ ਕਰਨਾ ਚਾਹੀਦਾ ਸੀ ਅਤੇ ਪਾਰਟੀ ਨੂੰ ਅਜੇ ਵੀ ਇੰਡੀਆ ਬਲਾਕ ਦੀ ਸਿਆਸਤ ਨੂੰ ਆਤਮਸਾਤ ਕਰਨਾ ਹੈ।

ਰਾਹੁਲ ਗਾਂਧੀ ਤੋਂ ਚੋਣ ਹਾਰ ਚੁੱਕੇ ਸੂਬਾਈ ਭਾਜਪਾ ਪ੍ਰਧਾਨ ਦੇ ਸੁਰੇਂਦ੍ਰਨ ਨੇ ਕਿਹਾ ਕਿ ਵਾਇਨਾਡ ਦੇ ਲੋਕ ਰਾਹੁਲ ਦੇ ਇਸ ਦਾਅਵੇ ਦਾ ਅਰਥ ਸਮਝ ਗਏ ਹਨ ਕਿ ਵਾਇਨਾਡ ਉਨ੍ਹਾਂ ਦਾ ਪਰਿਵਾਰ ਹੈ। ਰਾਹੁਲ ਦਾ ਭਾਵ ਇਹ ਸੀ ਕਿ ਉਨ੍ਹਾਂ ਦੀ ਭਐਣ ਇਸ ਸੀਟ ਤੋਂ ਚੋਣ ਲੜੇਗੀ। ਮੈਨੂੰ ਆਸ ਹੈ ਕਿ ਕਾਂਰਸ ਪਲੱਕੜ ਵਿਧਾਨ ਸਭਾ ਸੀਟ ’ਤੇ ਪਾਰਟੀ ਦੇ ਉਮੀਦਵਾਰ ਦੇ ਰੂਪ ’ਚ ਰਾਹੁਲ ਦੇ ਭਣੋਈਏ ਰਾਬਰਟਨ ਵਢੇਰਾ ਨੂੰ ਲਿਆਵੇਗੀ ਜਿੱਥੇ ਜ਼ਿੰਮਣੀ ਚੋਣਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹਾ ਫੈਸਲਾ ਕੇਰਲ ’ਚ ਕਾਂਗਰਸ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰੇਗਾ।

ਸੀਨੀਅਰ ਪੱਤਰਕਾਰ ਅਤੇ ਲੇਖਕ ਨੀਰਜਾ ਚੌਧਰੀ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਇਹ ਸਹੀ ਫੈਸਲਾ ਕੀਤਾ ਹੈ। ਉੱਤਰ ਪ੍ਰਦੇਸ਼ ’ਚ ਕਾਂਗਰਸ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਨੂੰ ਜਿਸ ਤਰ੍ਹਾਂ ਨੁਕਸਾਨ ਹੋਇਆ, ਉਸ ਨੂੰ ਦੇਖਦੇ ਹੋਏ ਪਾਰਟੀ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਉੱਤਰ ਪ੍ਰਦੇਸ਼ ਨੂੰ ਕਿੰਨਾ ਮਹੱਤਵ ਦਿੰਦੀ ਹੈ।

ਇਸ ਦੇ ਇਲਾਵਾ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਦਰਮਿਆਨ ਦਾ ਜੋ ਸਪੱਸ਼ਟ ਸਮੀਕਰਨ ਹੈ, ਉਸ ਦੀ ਅਹਿਮੀਅਤ ਨੂੰ ਵੀ ਘੱਟ ਕਰ ਕੇ ਨਹੀਂ ਦੇਖਣਾ ਚਾਹੀਦਾ। ਦੋਵਾਂ ਦੀ ਆਪਸੀ ਸਮਝ ਅਤੇ ਸਮੀਕਰਨ ਨਾਲ ਦੋਵਾਂ ਪਾਰਟੀਆਂ ਨੂੰ ਫਾਇਦਾ ਹੋਇਆ ਹੈ। ਹਾਂ, ਪਹਿਲਾਂ ਇੰਝ ਲੱਗਦਾ ਸੀ ਕਿ ਰਾਹੁਲ ਆਪਣੇ ਕੋਲ ਵਾਇਨਾਡ ਹੀ ਰੱਖਣਗੇ। ਖਾਸ ਕਰ ਕੇ ਉਦੋਂ ਜਦੋਂ ਪ੍ਰਿਅੰਕਾ ਗਾਂਧੀ ਰਾਇਬਰੇਲੀ ’ਚ ਜ਼ਿਆਦਾ ਸਰਗਰਮ ਸੀ।


author

Rakesh

Content Editor

Related News