ਕਿਵੇਂ ਸੁਨੇਤਰਾ ਪਵਾਰ ਨੇ ਸ਼ਰਦ ਪਵਾਰ ਨੂੰ ਵਿਖਾਇਆ ਸ਼ੀਸ਼ਾ?

Saturday, Jan 31, 2026 - 11:38 PM (IST)

ਕਿਵੇਂ ਸੁਨੇਤਰਾ ਪਵਾਰ ਨੇ ਸ਼ਰਦ ਪਵਾਰ ਨੂੰ ਵਿਖਾਇਆ ਸ਼ੀਸ਼ਾ?

ਨੈਸ਼ਨਲ ਡੈਸਕ- ਮਹਾਰਾਸ਼ਟਰ ਦੀ ਉਥਲ-ਪੁਥਲ ਵਾਲੀ ਸਿਆਸਤ ’ਚ ਸੁਨੇਤਰਾ ਪਵਾਰ ਦੀ ਐਂਟਰੀ ਅਚਾਨਕ, ਸਪੱਸ਼ਟ ਤੇ ਪ੍ਰਤੀਕਾਤਮਕ ਸੀ। ਆਪਣੇ ਪਤੀ ਅਜੀਤ ਪਵਾਰ ਨੂੰ ਇਕ ਦੁਖਦਾਈ ਹਵਾਈ ਹਾਦਸੇ ’ਚ ਗੁਆਉਣ ਤੋਂ 36 ਘੰਟਿਆਂ ਅੰਦਰ ਉਨ੍ਹਾਂ ਉਹ ਕਰ ਵਿਖਾਇਆ ਜਿਸ ਦੀ ਬਹੁਤ ਘੱਟ ਲੋਕਾਂ ਨੂੰ ਉਮੀਦ ਸੀ। ਉਨ੍ਹਾਂ ਤੇਜ਼ੀ ਨਾਲ ਸਿਆਸੀ ਖਲਾਅ ’ਚ ਕਦਮ ਰੱਖਿਆ।

ਪਰਿਵਾਰ ਦੇ ਮੁਖੀ ਸ਼ਰਦ ਪਵਾਰ ਨੂੰ ਸੂਚਿਤ ਕੀਤੇ ਬਿਨਾਂ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਸੁਨੇਤਰਾ ਨੇ ਨਾ ਸਿਰਫ ਅਜੀਤ ਪਵਾਰ ਵੱਲੋਂ ਬਣਾਈ ਗਈ ਐੱਨ. ਸੀ. ਪੀ. ਦੀ ਵਾਗਡੋਰ ਸੰਭਾਲੀ, ਸਗੋਂ ਸੀਨੀਅਰ ਪਵਾਰ ਦੇ ਸੋਚੇ ਸਮਝੇ ਪਲਾਨ ਨੂੰ ਵੀ ਉਲਟਾ ਦਿੱਤਾ।

ਸ਼ਰਦ ਪਵਾਰ ਦਾ ਸਭ ਦੇ ਸਾਹਮਣੇ ਨਾਰਾਜ਼ ਹੋਣਾ ਕਿ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਗਈ, ਜਿੰਨਾ ਸੋਚਿਆ ਸੀ, ਉਸ ਤੋਂ ਕਿਤੇ ਵੱਧ ਬਿਆਨਿਆ ਗਿਆ। ਇਸ ਤੋਂ ਪਤਾ ਲਗਦਾ ਹੈ ਕਿ ਇਕ ਟੁੱਟੀ ਹੋਈ ਪਾਰਟੀ ਤੇ ਘਟਦੇ ਅਧਿਕਾਰਾਂ ਦਰਮਿਆਨ ਖੁੱਦ ਨੂੰ ਢੁਕਵਾਂ ਬਣਾਈ ਰੱਖਣ ਲਈ ਬਜ਼ੁਰਗ ਨੇਤਾ ਸ਼ਰਦ ਨੇ ਅਜੀਤ ਪਵਾਰ ਦੇ ਸਿਆਸੀ ਭਾਰ ’ਤੇ ਕਿੰਨਾ ਭਰੋਸਾ ਕੀਤਾ ਸੀ।

ਹਾਲ ਹੀ ਦੇ ਹਫ਼ਤਿਆਂ ਦੌਰਾਨ ਸ਼ਰਦ ਪਵਾਰ ਧੜੇ ਨੇ ਐੱਨ. ਸੀ. ਪੀ. ਦੇ ਦੋਹਾਂ ਧੜਿਆਂ ਦੇ ਜਲਦੀ ਰਲੇਵੇਂ ਦਾ ਦਾਅਵਾ ਕੀਤਾ ਸੀ। ਇਸ ਸਬੰਧੀ ਵੀਡੀਓ ਤੇ ਆਡੀਓ ਬਿਆਨ ਜਾਰੀ ਕਰ ਕੇ ਵੀ ਦਾਅਵਾ ਕੀਤਾ ਗਿਆ ਸੀ ਕਿ ਇਕ ਸੌਦੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਤੇ 12 ਫਰਵਰੀ ਨੂੰ ਇਸ ਦਾ ਐਲਾਨ ਕੀਤਾ ਜਾਵੇਗਾ।

ਫਿਰ ਵੀ ਇਹ ਸਪੱਸ਼ਟ ਹੈ ਕਿ ਪਾਰਟੀ ਦੀ ਅਗਵਾਈ ਕੌਣ ਕਰੇਗਾ, ਵਿਧਾਇਕਾਂ ਨੂੰ ਕੰਟਰੋਲ ਰੌਣ ਕਰੇਗਾ ਤੇ ਸੱਤਾ ਦੀ ਭਾਈਵਾਲੀ ਕਿਵੇਂ ਕੀਤੀ ਜਾਵੇਗੀ, ਵਰਗੀਆਂ ਸ਼ਰਤਾਂ ਦਾ ਖੁਲਾਸਾ ਕਿਸੇ ਨੇ ਵੀ ਨਹੀਂ ਕੀਤਾ ਸੀ।

ਸੁਨੇਤਰਾ ਪਵਾਰ ਨੇ ਇਕ ਝਟਕੇ ’ਚ ਉਸ ਉਲਝਣ ਨੂੰ ਖਤਮ ਕਰ ਦਿੱਤਾ। ਉੱਪ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਕੇ ਉਨ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਰਲੇਵੇਂ ਦੀ ਗੱਲ ਨੂੰ ਸ਼ਾਂਤ ਕਰ ਦਿੱਤਾ ਤੇ ਇਹ ਸਪੱਸ਼ਟ ਕਰ ਦਿੱਤਾ ਕਿ ਅਜੀਤ ਪਵਾਰ ਦੀ ਸਿਆਸੀ ਵਿਰਾਸਤ ਬੰਦ ਦਰਵਾਜ਼ਿਆਂ ਪਿੱਛੇ ਨਹੀਂ ਵੇਚੀ ਜਾਵੇਗੀ।

ਉਨ੍ਹਾਂ ਪਾਰਟੀ ਸੰਗਠਨ ਤੇ ਵਿਧਾਨਕ ਵਿੰਗ ਦੋਵਾਂ ਦਾ ਕੰਟਰੋਲ ਆਪਣੇ ਹੱਥਾਂ ’ਚ ਲੈ ਲਿਆ, ਅਟਕਲਾਂ ਨੂੰ ਬੰਦ ਕਰ ਦਿੱਤਾ ਤੇ ਸਮਝੌਤਾ ਕਰਨ ਦੀ ਬਜਾਏ ਨਿਰੰਤਰਤਾ ਦਾ ਸੰਕੇਤ ਦਿੱਤਾ। ਜੁਲਾਈ 2023 ’ਚ ਜਦੋਂ ਅਜੀਤ ਪਵਾਰ ਆਪਣਾ ਰਸਤਾ ਬਣਾਉਣ ਲਈ ਸ਼ਰਦ ਦੀ ਐੱਨ. ਸੀ. ਪੀ. ਤੋਂ ਵੱਖ ਹੋ ਗਏ ਸਨ ਤਾਂ ਸ਼ਰਦ ਪਵਾਰ ਨੇ ਇਸ ਨੂੰ ਇਕ ਸਿਆਸੀ ਧੋਖਾ ਕਿਹਾ ਸੀ।

ਹਾਲਾਂਕਿ, ਸੁਨੇਤਰਾ ਪਵਾਰ ਦੇ ਕਦਮ ਨੇ ਸ਼ਰਦ ਨੂੰ ਇਕ ਸ਼ੀਸ਼ਾ ਵਿਖਾਇਆ ਹੈ। ਮਹਾਰਾਸ਼ਟਰ ਦੀ ਸਿਆਸਤ ’ਚ ‘ਪਾਵਰ’ ਹੁਣ ਇਕੱਲੀ ਵਿਰਾਸਤ ਤੋਂ ਨਹੀਂ ਆਉਂਦੀ, ਸਗੋਂ ਪਲਾਂ ’ਚ ਫੈਸਲਾਕੁੰਨ ਕਟਰੋਲ ਤੋਂ ਆਉਂਦੀ ਹੈ।


author

Rakesh

Content Editor

Related News