ਓਡੀਸ਼ਾ ਰੇਲ ਹਾਦਸੇ ਮਗਰੋਂ ਜ਼ਖ਼ਮੀਆਂ ਨਾਲ ਭਰੇ ਹਸਪਤਾਲ, ਯਾਤਰੀਆਂ ਦੀ ਜਾਨ ਬਚਾਉਣ ''ਚ ਜੁੱਟੇ ਡਾਕਟਰ
Saturday, Jun 03, 2023 - 05:58 PM (IST)
ਬਾਲਾਸੋਰ- ਓਡੀਸ਼ਾ 'ਚ ਸ਼ੁੱਕਰਵਾਰ ਨੂੰ ਵਾਪਰੇ ਭਿਆਨਕ ਰੇਲ ਹਾਦਸੇ ਮਗਰੋਂ ਬਾਲਾਸੋਰ ਜ਼ਿਲ੍ਹਾ ਹਸਪਤਾਲ ਅਤੇ ਸੋਰੋ ਹਸਪਤਾਲ ਵਿਚ ਵੱਡੀ ਗਿਣਤੀ 'ਚ ਜ਼ਖ਼ਮੀਆਂ ਨੂੰ ਲਿਆਂਦਾ ਗਿਆ। ਇਨ੍ਹਾਂ ਹਸਪਤਾਲਾਂ ਦੇ ਕਮਰੇ ਭਰ ਗਏ ਅਤੇ ਗਲਿਆਰਿਆਂ ਤੱਕ ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਮੈਡੀਕਲ ਕਾਮਿਆਂ ਨੂੰ ਜ਼ਖ਼ਮੀ ਯਾਤਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਵੇਖਿਆ ਗਿਆ, ਜਿਸ ਵਿਚ ਕਈ ਓਡੀਸ਼ਾ ਤੋਂ ਇਲਾਵਾ ਹੋਰ ਸੂਬਿਆਂ ਤੋਂ ਹਨ। ਸ਼ਨੀਵਾਰ ਦੁਪਹਿਰ ਤੱਕ ਕਰੀਬ 526 ਜ਼ਖ਼ਮੀਆਂ ਨੂੰ ਬਾਲਾਸੋਰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।
ਬਾਲਾਸੋਰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ 'ਚ ਵਧੀਕ ਜ਼ਿਲ੍ਹਾ ਮੈਡੀਕਲ ਅਧਿਕਾਰੀ ਡਾ. ਮ੍ਰਿਤੁੰਜੇ ਮਿਸ਼ਰਾ ਨੇ ਕਿਹਾ ਕਿ ਮੈਂ ਕਈ ਦਹਾਕਿਆਂ ਤੋਂ ਇਸ ਪੇਸ਼ੇ ਵਿਚ ਹਾਂ ਪਰ ਮੈਂ ਆਪਣੇ ਪੂਰੇ ਕਰੀਅਰ 'ਚ ਇਸ ਤਰ੍ਹਾਂ ਦੀ ਹਫੜਾ-ਦਫੜੀ ਦੀ ਸਥਿਤੀ ਨਹੀਂ ਵੇਖੀ। ਅਚਾਨਕ 251 ਜ਼ਖ਼ਮੀਆਂ ਨੂੰ ਸਾਡੇ ਹਸਪਤਾਲ ਲਿਆਂਦਾ ਗਿਆ ਅਤੇ ਅਸੀਂ ਇਸ ਲਈ ਤਿਆਰ ਨਹੀਂ ਸੀ। ਸਾਡੇ ਕਰਮੀਆਂ ਨੇ ਪੂਰੀ ਰਾਤ ਕੰਮ ਕੀਤਾ ਅਤੇ ਸਾਰਿਆਂ ਨੂੰ ਮੁੱਢਲਾ ਇਲਾਜ ਮੁਹੱਈਆ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ 64 ਮਰੀਜ਼ਾਂ ਨੂੰ ਕਟਕ ਸਥਿਤ SCB ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਸੀ ਅਤੇ ਹੁਣ ਸਾਡੇ ਹਸਪਤਾਲ ਵਿਚ ਮਰੀਜ਼ਾਂ ਦੇ 60 ਬੈੱਡ ਹਨ। ਬਾਕੀਆਂ ਨੂੰ ਮਾਮੂਲੀ ਆਪ੍ਰੇਸ਼ਨਾਂ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਮਿਸ਼ਰਾ ਨੇ ਕਿਹਾ ਕਿ ਅਸੀਂ ਇਹ ਵੇਖ ਕੇ ਹੈਰਾਨ ਹਾਂ ਕਿ ਵੱਡੀ ਗਿਣਤੀ 'ਚ ਨੌਜਵਾਨ ਖ਼ੂਨਦਾਨ ਕਰਨ ਇੱਥੇ ਪਹੁੰਚੇ। ਅਸੀਂ ਪੂਰੀ ਰਾਤ ਕਰੀਬ 500 ਯੂਨਿਟ ਖ਼ੂਨ ਇਕੱਠਾ ਕੀਤਾ। ਸਾਰਿਆਂ ਦਾ ਧੰਨਵਾਦ। ਇਹ ਜ਼ਿੰਦਗੀ 'ਚ ਇਕ ਵਾਰ ਹੋਣ ਵਾਲਾ ਤਜਰਬਾ ਹੈ, ਹੁਣ ਚੀਜ਼ਾਂ ਆਮ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਕਰਮੀ ਅਤੇ ਸਥਾਨਕ ਲੋਕਾਂ ਨੇ ਇੱਥੇ ਅਤੇ ਕਈ ਹੋਰ ਹਸਪਤਾਲਾਂ 'ਚ ਖ਼ੂਨਦਾਨ ਕਰ ਰਹੇ ਹਨ। ਹਸਪਤਾਲ ਦੇ ਮੁਰਦਾਘਰ 'ਚ ਸਫੈਦ ਕਫ਼ਨ ਵਿਚ ਲਿਪਟੀਆਂ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ 'ਚੋਂ ਕਈਆਂ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ।