ਰੋਹਤਕ ''ਚ ਸਰਪੰਚ ਦਾ ਕਤਲ ਨਿੰਦਾਯੋਗ, ਨਿਰਪੱਖ ਜਾਂਚ ਹੋਵੇ : ਹੁੱਡਾ
Saturday, Jul 18, 2020 - 04:14 PM (IST)
ਹਰਿਆਣਾ (ਵਾਰਤਾ)— ਹਰਿਆਣਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰੋਹਤਕ ਦੇ ਚਿੜੀ ਪਿੰਡ ਵਿਚ ਹੋਏ ਸਰਪੰਚ ਦੇ ਕਤਲ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਹੁੱਡਾ ਨੇ ਦੋਸ਼ ਲਾਇਆ ਕਿ ਸੂਬੇ ਦੀ ਮੂਜੌਦਾ ਭਾਜਪਾ ਸਰਕਾਰ ਵਿਚ ਕਾਨੂੰਨ ਵਿਵਸਥਾ ਦਾ ਦੀਵਾਲਾ ਨਿਕਲ ਚੁੱਕਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਰੋਹਤਕ, ਸੋਨੀਪਤ, ਝੱਜਰ, ਭਿਵਾਨੀ, ਜੀਂਦ ਸਮੇਤ ਪੂਰੇ ਸੂਬੇ ਤੋਂ ਰੋਜ਼ਾਨਾ ਕਤਲ, ਲੁੱਟ-ਖੋਹ ਅਤੇ ਚੋਰੀ ਦੀਆਂ ਖ਼ਬਰਾਂ ਆਉਂਦੀਆਂ ਹਨ, ਜੋ ਇਹ ਦਰਸਾਉਂਦਾ ਹੈ ਕਿ ਇੱਥੇ ਜੰਗਲਰਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਹਰਿਆਣਾ ਦੇ ਰੋਹਤਕ 'ਚ ਅਣਪਛਾਤੇ ਹਮਲਾਵਰਾਂ ਨੇ ਪਿੰਡ ਦੇ ਸਰਪੰਚ ਨੂੰ ਮਾਰੀ ਗੋਲੀ
ਹੁੱਡਾ ਨੇ ਅੱਗੇ ਕਿਹਾ ਕਿ ਇੱਥੇ ਅਪਰਾਧਕ ਰੁਝਾਨ ਦੇ ਲੋਕ ਆਮ ਆਦਮੀ ਹੀ ਨਹੀਂ ਪੁਲਸ ਅਤੇ ਨੁਮਾਇੰਦਿਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਚਿੜੀ ਪਿੰਡ ਵਿਚ ਸਰਪੰਚ ਬਾਲਕਿਸ਼ਨ ਵਾਲਮੀਕੀ ਦਾ ਘਰ 'ਚ ਦਾਖ਼ਲ ਹੋ ਕੇ ਕਤਲ ਕਰ ਦਿੱਤਾ ਗਿਆ। ਇਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਛੇਤੀ ਅਤੇ ਸਖਤ ਕਾਰਵਾਈ ਲਈ ਪੁਲਸ ਦੇ ਡਾਇਰੈਕਟਰ ਜਨਰਲ ਅਤੇ ਰੋਹਤਕ ਦੇ ਪੁਲਸ ਸੁਪਰਡੈਂਟ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਸਰਕਾਰ ਨੂੰ ਬਾਲਕਿਸ਼ਨ ਵਾਲਮੀਕੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।