ਕਸ਼ਮੀਰ, ਉੱਤਰ-ਪੂਰਬ, ਨਕਸਲ ਪ੍ਰਭਾਵਿਤ ਇਲਾਕਿਆਂ ’ਚ ਹਿੰਸਾ 70 ਫੀਸਦੀ ਤੱਕ ਘੱਟ ਹੋਈ : ਸ਼ਾਹ

Wednesday, Nov 20, 2024 - 12:59 AM (IST)

ਕਸ਼ਮੀਰ, ਉੱਤਰ-ਪੂਰਬ, ਨਕਸਲ ਪ੍ਰਭਾਵਿਤ ਇਲਾਕਿਆਂ ’ਚ ਹਿੰਸਾ 70 ਫੀਸਦੀ ਤੱਕ ਘੱਟ ਹੋਈ : ਸ਼ਾਹ

ਗਾਂਧੀਨਗਰ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਿਛਲੇ 10 ਸਾਲਾਂ ’ਚ ਜੰਮੂ-ਕਸ਼ਮੀਰ, ਉੱਤਰ-ਪੂਰਬ ਅਤੇ ਨਕਸਲ ਪ੍ਰਭਾਵਿਤ ਖੇਤਰਾਂ ’ਚ ਹਿੰਸਾ ਨੂੰ 70 ਫੀਸਦੀ ਤੱਕ ਘੱਟ ਕਰਨ ’ਚ ਸਫਲ ਰਹੀ ਹੈ।

ਸ਼ਾਹ ਨੇ ਇਥੇ ਰਾਸ਼ਟਰੀ ਰੱਖਿਆ ਯੂਨੀਵਰਸਿਟੀ ’ਚ 50ਵੇਂ ਕੁੱਲ ਭਾਰਤੀ ਪੁਲਸ ਵਿਗਿਆਨ ਸੰਮੇਲਨ ਦੇ ਉਦਘਾਟਨੀ ਸਮਾਰੋਹ ’ਚ ਬੋਲਦਿਆਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲਾ ਦਹਾਕਾ ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਦੁਨੀਆ ’ਚ ਸਭ ਤੋਂ ਵੱਧ ਵਿਗਿਆਨਕ ਅਤੇ ਸਭ ਤੋਂ ਤੇਜ਼ ਬਣਾ ਦੇਵੇਗਾ।

ਸ਼ਾਹ ਨੇ ਕਿਹਾ ਕਿ ਕਈ ਸਾਲਾਂ ਤੋਂ ਤਿੰਨ ਖੇਤਰਾਂ ਨੂੰ ਬਹੁਤ ਅਸ਼ਾਂਤ ਮੰਨਿਆ ਜਾਂਦਾ ਸੀ-ਕਸ਼ਮੀਰ, ਉੱਤਰ-ਪੂਰਬ ਅਤੇ ਨਕਸਲ ਪ੍ਰਭਾਵਿਤ ਇਲਾਕੇ। ਅਸੀਂ ਇਨ੍ਹਾਂ ਤਿੰਨਾਂ ਖੇਤਰਾਂ ’ਚ ਸੁਰੱਖਿਆ ਦੇ ਮਾਮਲੇ ’ਚ ਅਹਿਮ ਸੁਧਾਰ ਕੀਤੇ ਹਨ। ਪਿਛਲੇ 10 ਸਾਲਾਂ ਦੇ ਅੰਕੜਿਆਂ ਦੀ ਤੁਲਨਾ, ਉਸ ਤੋਂ ਪਿਛਲੀ ਮਿਆਦ ਨਾਲ ਕਰਨ ’ਤੇ ਪਤਾ ਲੱਗਦਾ ਹੈ ਕਿ ਅਸੀਂ ਹਿੰਸਾ ਨੂੰ 70 ਫੀਸਦੀ ਤੱਕ ਘੱਟ ਕਰਨ ’ਚ ਸਫਲ ਰਹੇ ਹਾਂ।

ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੈ। ਵੱਡੀ ਗਿਣਤੀ ’ਚ ਲੋਕਾਂ ਨੇ ਹਿੰਸਾ ਨੂੰ ਘੱਟ ਕਰਨ ਲਈ ਸਰਕਾਰ ਦੇ ਯਤਨਾਂ ਦਾ ਦਿਲੋਂ ਸਮਰਥਨ ਕੀਤਾ ਹੈ।

ਨਸ਼ੀਲੇ ਪਦਾਰਥਾਂ ਦੀ ਜ਼ਬਤੀ ਵੀ ਵਧੀ

ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦੀਆਂ ਘਟਨਾਵਾਂ ਇਕ ਦਹਾਕਾ ਪਹਿਲਾਂ ਦੇ ਮੁਕਾਬਲੇ 6 ਗੁਣਾ ਵਧੀਆਂ ਹਨ। ਉਨ੍ਹਾਂ ਕਿਹਾ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣ ਨਾਲ ਲੋਕਾਂ ਨੂੰ ਦੇਸ਼ ਦੇ ਕਿਸੇ ਵੀ ਪੁਲਸ ਥਾਣੇ ’ਚ ਐੱਫ. ਆਈ. ਆਰ. ਦਰਜ ਹੋਣ ਤੋਂ ਤਿੰਨ ਸਾਲਾਂ ਦੇ ਅੰਦਰ-ਅੰਦਰ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲੇਗਾ।


author

Rakesh

Content Editor

Related News