ਹਿੱਟ ਐਂਡ ਰਨ: MLA ਲਿਖੀ ਤੇਜ਼ ਰਫ਼ਤਾਰ ਮਰਸਡੀਜ਼ ਨੇ ਨੌਜਵਾਨ ਨੂੰ ਦਰੜਿਆ, 25 ਸਾਲਾ ਸੁਨੀਲ ਦੀ ਮੌਤ

Friday, Oct 23, 2026 - 09:52 PM (IST)

ਹਿੱਟ ਐਂਡ ਰਨ: MLA ਲਿਖੀ ਤੇਜ਼ ਰਫ਼ਤਾਰ ਮਰਸਡੀਜ਼ ਨੇ ਨੌਜਵਾਨ ਨੂੰ ਦਰੜਿਆ, 25 ਸਾਲਾ ਸੁਨੀਲ ਦੀ ਮੌਤ

ਮੁੰਬਈ : ਮੁੰਬਈ ਦੇ ਨਿੱਕੀ ਨਗਰ ਇਲਾਕੇ ਵਿੱਚ ਇੱਕ ਦਰਦਨਾਕ ਹਿੱਟ ਐਂਡ ਰਨ ਹਾਦਸੇ ਦੌਰਾਨ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਸਵੇਰ ਦੀ ਸੈਰ 'ਤੇ ਨਿਕਲੇ 25 ਸਾਲਾ ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦਿਆਂ ਖੜਕਪਾੜਾ ਪੁਲਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਹਾਦਸੇ 'ਚ ਵਰਤੀ ਗਈ ਮਰਸਡੀਜ਼ ਕਾਰ ਜ਼ਬਤ ਕਰਕੇ ਆਰੋਪੀ ਡਰਾਈਵਰ ਓਮਿਲ ਅਨਿਲ ਗਾਏਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਅਨੁਸਾਰ 25 ਸਾਲਾ ਸੁਨੀਲ ਕੋਲੀ ਬੁੱਧਵਾਰ ਸਵੇਰੇ ਲਗਭਗ 5:30 ਤੋਂ 6:00 ਵਜੇ ਦੇ ਵਿਚਕਾਰ ਸਵੇਰ ਦੀ ਸੈਰ ਲਈ ਨਿਕਲਿਆ ਸੀ। ਇਸੇ ਦੌਰਾਨ ਇੱਕ ਬੇਕਾਬੂ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸੁਨੀਲ ਉੱਛਲ ਕੇ ਸੜਕ ਕਿਨਾਰੇ ਬਣੇ ਮੇਹਰਾਬ (ਡਾਟ/ਆਰਚ) ਵਿੱਚ ਜਾ ਫਸਿਆ ਅਤੇ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਆਰੋਪੀ ਡਰਾਈਵਰ ਗੰਭੀਰ ਜ਼ਖ਼ਮੀ ਸੁਨੀਲ ਦੀ ਮਦਦ ਕਰਨ ਦੀ ਬਜਾਏ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਖੜਕਪਾੜਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਘਟਨਾ ਸਥਾਨ ਤੇ ਆਸ-ਪਾਸ ਦੇ ਖੇਤਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਹਾਦਸੇ ਵਿੱਚ ਸ਼ਾਮਲ ਮਰਸਡੀਜ਼ ਕਾਰ ਨੂੰ ਜ਼ਬਤ ਕੀਤਾ ਅਤੇ ਆਰੋਪੀ ਡਰਾਈਵਰ ਓਮਿਲ ਅਨਿਲ ਗਾਏਕਰ ਨੂੰ ਹਿਰਾਸਤ ਵਿੱਚ ਲਿਆ।

ਇਸ ਹਾਦਸੇ 'ਚ ਸ਼ਾਮਲ ਮਰਸਡੀਜ਼ ਕਾਰ ਦੇ ਅੱਗੇ 'ਮਹਾਰਾਸ਼ਟਰ ਵਿਧਾਨ ਸਭਾ ਮੈਂਬਰ' (ਐੱਮ.ਐੱਲ.ਏ.) ਦਾ ਸਟਿੱਕਰ ਲੱਗਿਆ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਸਟਿੱਕਰ ਕਿੱਥੋਂ ਅਤੇ ਕਿਸ ਮਕਸਦ ਲਈ ਲਗਾਇਆ ਗਿਆ ਸੀ। ਹਾਲਾਂਕਿ, ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਸਟਿੱਕਰ ਲੱਗੇ ਹੋਣ ਨਾਲ ਕਾਰ ਦੇ ਕਿਸੇ ਵਿਧਾਇਕ ਨਾਲ ਸਬੰਧਤ ਹੋਣ ਦੀ ਪੁਸ਼ਟੀ ਨਹੀਂ ਹੁੰਦੀ, ਅਤੇ ਪੂਰੀ ਜਾਂਚ ਤੋਂ ਬਾਅਦ ਹੀ ਸਥਿਤੀ ਸਾਫ਼ ਹੋਵੇਗੀ।
 


author

Inder Prajapati

Content Editor

Related News