ਉਤਰਾਖੰਡ ’ਚ ਦੇਸ਼ ਦੀ ਸਭ ਤੋਂ ਲੰਬੀ ਸੁਰੰਗ ਦੀ ਉਸਾਰੀ ’ਚ ਮਿਲੀ ਵੱਡੀ ਸਫਲਤਾ, ਵੈਸ਼ਣਵ ਬਣੇ ਗਵਾਹ
Thursday, Apr 17, 2025 - 12:20 AM (IST)

ਜਨਸੂ (ਉੱਤਰਾਖੰਡ), (ਭਾਸ਼ਾ)- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਉੱਤਰਾਖੰਡ ਦੇ ਜਨਸੂ ਵਿਖੇ ਭਾਰਤ ਦੀ ਸਭ ਤੋਂ ਲੰਬੀ ਰੇਲ ਸੁਰੰਗ ਦੀ ਉਸਾਰੀ ਦੀ ਸਫਲਤਾ ਵੇਖੀ।
ਇਕ ਬੋਰਿੰਗ ਮਸ਼ੀਨ ਵਲੋਂ ਚੱਟਾਨ ਦੀ ਆਖਰੀ ਪਰਤ ਤੋੜ ਕੇ ਦੂਜੇ ਪਾਸਿਓਂ ਬਾਹਰ ਆਉਣ ’ਚ ਸਫਲਤਾ ਹਾਸਲ ਕਰਨ ਤੋਂ ਬਾਅਦ ਵੈਸ਼ਨਵ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਸੁਰੰਗ ਦੇ ਅੰਦਰ ਲਗਭਗ 3.5 ਕਿਲੋਮੀਟਰ ਤੱਕ ਗਏ।
ਦੇਵਪ੍ਰਯਾਗ ਤੇ ਜਨਸੂ ਦਰਮਿਅਆਨ 14.57 ਕਿਲੋਮੀਟਰ ਲੰਬੀ ਸੁਰੰਗ ਨੰਬਰ 8 ਉੱਤਰਾਖੰਡ ’ਚ 125 ਕਿਲੋਮੀਟਰ ਲੰਬੇ ਅਹਿਮ ਰਿਸ਼ੀਕੇਸ਼-ਕਰਨਪ੍ਰਯਾਗ ਬ੍ਰਾਡਗੇਜ ਰੇਲ ਲਿੰਕ ਪ੍ਰਾਜੈਕਟ ਦਾ ਹਿੱਸਾ ਹੈ। ਵੈਸ਼ਨਵ ਨੇ ਇਸ ਨੂੰ ਇਕ ਇਤਿਹਾਸਕ ਪਲ ਦੱਸਿਆ ਕਿਉਂਕਿ ਇਹ ਸਫਲਤਾ 16 ਅਪ੍ਰੈਲ ਨੂੰ ਹਾਸਲ ਹੋਈ ਹੈ। ਇਸ ਦਿਨ 1853 ’ਚ ਭਾਰਤ ’ਚ ਰੇਲਵੇ ਦੀ ਸੇਵਾ ਸ਼ੁਰੂ ਹੋਈ ਸੀ।
ਰੇਲ ਵਿਕਾਸ ਨਿਗਮ ਲਿਮਟਿਡ ਜੋ ਰੇਲ ਮੰਤਰਾਲਾ ਅਧੀਨ ਜਨਤਕ ਖੇਤਰ ਦਾ ਇਕ ਅਦਾਰਾ ਹੈ, ਪੂਰੇ ਪ੍ਰਾਜੈਕਟ ਦੀ ਨਿਗਰਾਨੀ ਕਰ ਰਿਹਾ ਹੈ। ਇਸ ਨੇ ਇਹ ਸਫਲਤਾ ‘ਸ਼ਕਤੀ’ ਨਾਮੀ ਜਰਮਨ ਦੀ ਬਣੀ ਬੋਰਿੰਗ ਮਸ਼ੀਨ ਦੀ ਵਰਤੋਂ ਕਰ ਕੇ ਹਾਸਲ ਕੀਤੀ।