ਹਿੰਦੂ ਅਤੇ ਮੁਸਲਮਾਨ ਵੱਖ ਨਹੀਂ, ਸਭ ਭਾਰਤੀਆਂ ਦਾ ਡੀ.ਐੱਨ.ਏ. ਇਕ : ਮੋਹਨ ਭਾਗਵਤ
Monday, Jul 05, 2021 - 01:05 PM (IST)
ਗਾਜ਼ੀਆਬਾਦ– ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਕਿਹਾ ਕਿ ਸਭ ਭਾਰਤੀਆਂ ਦਾ ਡੀ. ਐੱਨ. ਏ. ਇਕ ਹੈ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ। ਉਨ੍ਹਾਂ ਕਿਹਾ ਕਿ ਹਿੰਦੂ-ਮੁਸਲਮਾਨ ਵੱਖ-ਵੱਖ ਨਹੀਂ ਸਗੋਂ ਇਕ ਹਨ। ਪੂਜਾ ਕਰਨ ਦੇ ਤਰੀਕੇ ਦੇ ਆਧਾਰ ’ਤੇ ਲੋਕਾਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ।
ਮੁਸਲਿਮ ਰਾਸ਼ਟਰੀ ਮੰਚ ਵਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਐਤਵਾਰ ਆਰ. ਐੱਸ. ਐੱਸ. ਦੇ ਮੁਖੀ ਨੇ ਲਿੰਚਿੰਗ ਨੂੰ ਲੈ ਕੇ ਕਿਹਾ ਕਿ ਇਸ ਵਿਚ ਸ਼ਾਮਲ ਲੋਕ ਹਿੰਦੂਤਵ ਦੇ ਵਿਰੁੱਧ ਹਨ। ਜੇ ਕੋਈ ਹਿੰਦੂ ਕਹਿੰਦਾ ਹੈ ਕਿ ਇਥੇ ਕੋਈ ਮੁਸਲਮਾਨ ਨਹੀਂ ਰਹਿਣਾ ਚਾਹੀਦਾ ਤਾਂ ਉਹ ਵਿਅਕਤੀ ਹਿੰਦੂ ਨਹੀਂ ਹੈ। ਗਊ ਇਕ ਪਵਿੱਤਰ ਜਾਨਵਰ ਹੈ ਪਰ ਜਿਹੜੇ ਵਿਅਕਤੀ ਦੂਜਿਆਂ ਨੂੰ ਮਾਰ ਰਹੇ ਹਨ, ਉਹ ਹਿੰਦੂਤਵ ਦੇ ਵਿਰੁੱਧ ਜਾ ਰਹੇ ਹਨ। ਕਾਨੂੰਨ ਨੂੰ ਬਿਨਾਂ ਕਿਸੇ ਵਿਤਕਰੇ ਦੇ ਉਨ੍ਹਾਂ ਵਿਰੁੱਧ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਪਿਛਲੇ 40000 ਸਾਲਾਂ ਤੋਂ ਅਸੀਂ ਇਕ ਹੀ ਪੂਰਵਜ ਦੇ ਵੰਸ਼ ਵਿਚੋਂ ਹਾਂ। ਭਾਰਤ ਦੇ ਲੋਕਾਂ ਦਾ ਡੀ. ਐੱਨ. ਏ. ਇਕੋ ਜਿਹਾ ਹੈ। ਹਿੰਦੂ ਅਤੇ ਮੁਸਲਮਾਨ ਦੋ ਗਰੁੱਪ ਨਹੀਂ ਹਨ, ਉਹ ਪਹਿਲਾਂ ਤੋਂ ਹੀ ਇਕੱਠੇ ਹਨ। ਮੋਹਨ ਭਾਗਵਤ ਨੇ ਕਿਹਾ ਕਿ ਲੋਕ ਰਾਜ ਵਿਚ ਹਿੰਦੂਆਂ ਜਾਂ ਮੁਸਲਮਾਨਾਂ ਦਾ ਪ੍ਰਭੂਤੱਵ ਨਹੀਂ ਹੋ ਸਕਦਾ, ਸਿਰਫ਼ ਭਾਰਤੀਆਂ ਦਾ ਪ੍ਰਭੂਤੱਵ ਹੀ ਹੋ ਸਕਦਾ ਹੈ। ਦੇਸ਼ ਵਿਚ ਏਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ। ਏਕਤਾ ਦਾ ਆਧਾਰ ਰਾਸ਼ਟਰਵਾਦ ਅਤੇ ਪੂਰਵਜਾਂ ਦੀ ਮਹਿਮਾ ਹੋਣੀ ਚਾਹੀਦੀ ਹੈ।