ਹਿਮਾਚਲ ’ਚ ਮਣੀਮਹੇਸ਼ ਦੇ ਕਮਲ ਕੁੰਡ ’ਚੋਂ ਮਿਲੀਆਂ 3 ਲਾਸ਼ਾਂ, ਫੈਲੀ ਸਨਸਨੀ
Monday, Sep 13, 2021 - 06:10 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਧਾਰਮਿਕ ਅਸਥਾਨ ਮਣੀਮਹੇਸ਼ ’ਚ 3 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਇਕ ਵਿਅਕਤੀ ਜ਼ਖਮੀ ਹਾਲਤ ’ਚ ਮਿਲਿਆ ਹੈ। ਇਹ ਲਾਸ਼ਾਂ ਮਣੀਮਹੇਸ਼ ਝੀਲ ਨੇੜੇ ਕਮਲ ਕੁੰਡ ’ਚੋਂ ਮਿਲੀਆਂ ਹਨ। ਮਿ੍ਰਤਕਾਂ ’ਚ ਇਕ ਮਹਿਲਾ ਵੀ ਸ਼ਾਮਲ ਹੈ। ਮਿ੍ਰਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਟੀਮ ਮੌਕੇ ਲਈ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਕਮਲ ਕੁੰਡ ਵਿਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਬੀਤੇ ਦੋ ਦਿਨਾਂ ਦੇ ਅੰਦਰ 4 ਲਾਸ਼ਾਂ ਮਿਲਣ ਨਾਲ ਖੇਤਰ ’ਚ ਸਨਸਨੀ ਫੈਲ ਗਈ ਹੈ।
ਪ੍ਰਸ਼ਾਸਨ ਮੁਤਾਬਕ ਸੋਮਵਾਰ ਸਵੇਰੇ ਭਰਮੌਰ ਵਾਸੀ ਰਿਸ਼ਭ ਨੇ ਇਨ੍ਹਾਂ ਲੋਕਾਂ ਨੂੰ ਵੇਖਿਆ ਸੀ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸ਼ੁਰੂ ’ਚ ਕਿਆਸ ਲਾਏ ਜਾ ਰਹੇ ਸਨ ਕਿ ਚਾਰੋਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਜਦੋਂ ਰੈਸਕਿਊ ਟੀਮ ਮੌਕੇ ’ਤੇ ਪੁੱਜੀ ਤਾਂ ਇਕ ਵਿਅਕਤੀ ਜ਼ਖਮੀ ਹਾਲਤ ’ਚ ਮਿਲਿਆ। ਦੇਰ ਸ਼ਾਮ ਤਕ ਲਾਸ਼ਾਂ ਦੇ ਭਰਮੌਰ ਪਹੁੰਚਣ ਦੀ ਉਮੀਦ ਹੈ, ਜਿਸ ਤੋਂ ਬਾਅਦ ਮਿ੍ਰਤਕਾਂ ਦੀ ਪਛਾਣ ਹੋ ਸਕੇਗੀ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਮਣੀਮਹੇਸ਼ ਯਾਤਰਾ ਚੱਲ ਰਹੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯਾਤਰਾ ’ਤੇ ਰੋਕ ਲਾਉਣ ਤੋਂ ਬਾਅਦ ਲੋਕ ਚੋਰੀ-ਛਿਪੇ ਯਾਤਰਾ ’ਤੇ ਨਿਕਲ ਰਹੇ ਹਨ। ਬੀਤੇ ਦੋ ਦਿਨਾਂ ਤੋਂ ਖੇਤਰ ਵਿਚ ਲਗਾਤਾਰ ਮੀਂਹ ਵੀ ਪੈ ਰਿਹਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਇਨ੍ਹਾਂ ਲੋਕਾਂ ਦੀ ਮੌਤ ਦੀ ਵਜ੍ਹਾ ਠੰਡ ਜਾਂ ਫਿਰ ਆਕਸੀਜਨ ਪੱਧਰ ’ਚ ਘਾਟ ਹੋ ਸਕਦੀ ਹੈ।