ਕੁਦਰਤ ਦੀ ਮਾਰ ਹੇਠ ਹਿਮਾਚਲ, ਮੋਹਲੇਧਾਰ ਮੀਂਹ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 57, ਸਾਰੇ ਸਕੂਲ-ਕਾਲਜ ਬੰਦ

08/16/2023 1:27:01 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਸਮਰ ਹਿੱਲ ਨੇੜੇ ਸ਼ਿਵ ਮੰਦਰ ਦੇ ਮਲਬੇ ਵਿਚੋਂ ਇਕ ਹੋਰ ਔਰਤ ਦੀ ਲਾਸ਼ ਬਰਾਮਦ ਹੋਣ ਨਾਲ ਮੀਂਹ ਨਾਲ ਜੁੜੀਆਂ ਘਟਨਾਵਾਂ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 57 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਹਿਮਾਚਲ ਪ੍ਰਦੇਸ਼  ਵਿਚ ਐਤਵਾਰ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਸ਼ਿਮਲਾ ਦੇ ਸਮਰ ਹਿੱਲ, ਕ੍ਰਿਸ਼ਨਾ ਨਗਰ ਅਤੇ ਫਾਗਲੀ ਇਲਾਕਿਆਂ 'ਚ ਜ਼ਮੀਨ ਖਿਸਕ ਗਈ। 

ਇਹ ਵੀ ਪੜ੍ਹੋ- ਹਿਮਾਚਲ 'ਚ ਕੁਦਰਤੀ ਆਫ਼ਤ ਨਾਲ ਮਚੀ ਹਾਹਾਕਾਰ, HP ਯੂਨੀਵਰਸਿਟੀ ਇਸ ਤਾਰੀਖ਼ ਤੱਕ ਬੰਦ

ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿਤਿਆ ਨੇਗੀ ਨੇ ਕਿਹਾ ਕਿ ਸਮਰ ਹਿੱਲ ਅਤੇ ਕ੍ਰਿਸ਼ਨਾ ਨਗਰ ਇਲਾਕਿਆਂ 'ਚ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਮਰ ਹਿੱਲ ਤੋਂ ਇਕ ਲਾਸ਼ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਮਰ ਹਿੱਲ ਤੋਂ 13 ਲਾਸ਼ਾਂ, ਫਾਗਲੀ ਤੋਂ 5 ਅਤੇ ਕ੍ਰਿਸ਼ਨਾ ਨਗਰ ਤੋਂ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸ਼ਿਵ ਮੰਦਰ ਵਿਚ ਸੋਮਵਾਰ ਨੂੰ ਜ਼ਮੀਨ ਖਿਸਕਣ ਦੀ ਘਟਨਾ  ਕਾਰਨ ਮਲਬੇ ਵਿਚ ਹੁਣ ਵੀ 10 ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਕ੍ਰਿਸ਼ਨਾ ਨਗਰ 'ਚ ਕਰੀਬ 15 ਮਕਾਨਾਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ- ਹਿਮਾਚਲ 'ਚ 24 ਘੰਟਿਆਂ 'ਚ 50 ਤੋਂ ਵੱਧ ਮੌਤਾਂ, ਮੰਦਰ 'ਚੋਂ ਕੱਢੀਆਂ ਗਈਆਂ 11 ਲਾਸ਼ਾਂ, ਬਚਾਅ ਕਾਰਜ ਜਾਰੀ

ਓਧਰ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਮੀਂਹ 'ਚ ਲਗਭਗ 157 ਫ਼ੀਸਦੀ ਦੇ ਵਾਧੇ ਕਾਰਨ ਪੂਰੇ ਹਿਮਾਚਲ ਵਿਚ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਅਤੇ ਪਿਛਲੇ 3 ਦਿਨ ਵਿਚ 57 ਲੋਕਾਂ ਦੀ ਮੌਤ ਹੋਈ ਹੈ। ਸਿੱਖਿਆ ਵਿਭਾਗ ਨੇ ਖ਼ਰਾਬ ਮੌਸਮ ਕਾਰਨ ਬੁੱਧਵਾਰ ਨੂੰ ਸੂਬੇ ਵਿਚ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਹੁਕਮ ਦਿੱਤਾ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ 19 ਅਗਸਤ ਤੱਕ ਵਿਦਿਅਕ ਗਤੀਵਿਧੀਆਂ ਮੁਲਤਵੀ ਕਰ ਦਿੱਤੀਆਂ ਹਨ। ਅਧਿਕਾਰੀਆਂ ਮੁਤਾਬਕ ਸੂਬੇ ਵਿਚ ਕਰੀਬ 800 ਸੜਕਾਂ ਬੰਦ ਹਨ ਅਤੇ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਮਗਰੋਂ ਹੁਣ ਤੱਕ 72,00 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ-  ਅਟਲ ਜੀ ਦੀ ਬਰਸੀ 'ਤੇ PM ਮੋਦੀ, ਰਾਸ਼ਟਰਪਤੀ ਸਮੇਤ BJP ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ, ਪੂਰਾ ਦੇਸ਼ ਕਰ ਰਿਹੈ ਨਮਨ


Tanu

Content Editor

Related News