ਹਿਮਾਚਲ ''ਚ 8 ਜੂਨ ਤੋਂ ਖੁੱਲਣ ਵਾਲੇ ਰੈਸਟੋਰੈਂਟ ਅਤੇ ਮੰਦਰਾਂ ''ਚ ਸੈਲਾਨੀਆਂ ਦਾ ਪ੍ਰਵੇਸ਼ ਰਹੇਗਾ ਬੰਦ
Wednesday, Jun 03, 2020 - 10:10 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਅਨਲੌਕ-1 ਦੇ ਅਧੀਨ ਸੂਬੇ 'ਚ ਧਾਰਮਿਕ ਸਥਾਨ ਅਤੇ ਰੈਸਟੋਰੈਂਟ 8 ਜੂਨ ਤੋਂ ਖੋਲ੍ਹ ਦਿੱਤੇ ਜਾਣਗੇ ਪਰ ਉਨ੍ਹਾਂ 'ਚ ਸੈਲਾਨੀਆਂ ਦੇ ਪ੍ਰਵੇਸ਼ 'ਤੇ ਰੋਕ ਰਹੇਗੀ। ਜੈਰਾਮ ਠਾਕੁਰ ਨੇ ਮੰਗਲਵਾਰ ਨੂੰ ਪ੍ਰਦੇਸ਼ ਵਾਸੀਆਂ ਦੇ ਨਾਂ ਜਾਰੀ ਵੀਡੀਓ 'ਚ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਹਾਲੇ ਸੈਲਾਨੀਆਂ ਦੀ ਮੰਦਰ 'ਚ ਪ੍ਰਵੇਸ਼ 'ਤੇ ਪਾਬੰਦੀ ਰਹੇਗੀ। ਸਿਰਫ਼ ਹਿਮਾਚਲ ਦੇ ਲੋਕ ਹੀ ਪ੍ਰਵੇਸ਼ ਕਰ ਸਕਣਗੇ। ਇਸ ਤਰ੍ਹਾਂ ਰੈਸਟੋਰੈਂਟ 'ਚ ਵੀ ਸੈਲਾਨੀ ਨਹੀਂ ਜਾਣਗੇ ਅਤੇ ਸਥਾਨਕ ਲੋਕ ਖਾਣਾ ਖਾ ਸਕਦੇ ਹਨ ਅਤੇ ਰਹਿ ਸਕਦੇ ਹਨ ਪਰ ਇਸ ਦੌਰਾਨ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਪ੍ਰਦੇਸ਼ 'ਚ ਰੋਡਵੇਜ਼ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਬੱਸਾਂ 'ਚ 8 ਫੀਸਦੀ ਲੋਕ ਹੀ ਬੈਠ ਸਕਣਗੇ। ਬੱਸ 'ਚ ਚੜ੍ਹਨ ਵਾਲੀ ਹਰ ਸਵਾਰੀ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਜੇਕਰ ਕੋਈ ਬਿਨ੍ਹਾਂ ਮਾਸਕ ਆਉਂਦਾ ਹੈ ਤਾਂ ਉਸ ਨੂੰ ਬੱਸ 'ਚ ਬੈਠਣ ਦੀ ਮਨਜ਼ੂਰੀ ਨਹੀਂ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਬਿਨ੍ਹਾਂ ਪਾਸ ਦੇ ਜਾ ਸਕਦੇ ਹਨ ਅਤੇ ਕੋਈ ਪਰਮਿਟ ਲੈਣ ਦੀ ਜ਼ਰੂਰਤ ਨਹੀਂ ਹੈ ਪਰ ਜ਼ਿਲ੍ਹਾ ਅਧਿਕਾਰੀ ਯਕੀਨੀ ਕਰਨਗੇ ਕਿ ਵਾਪਸ ਆਉਣ ਵਾਲੇ ਹਿਮਾਚਲੀ ਨੂੰ ਸਰਹੱਦ 'ਤੇ ਹੀ ਕੁਆਰੰਟੀਨ ਜਾਂ ਹੋਮ ਕੁਆਰੰਟੀਨ ਕੀਤਾ ਜਾਵੇਗਾ। ਜੋ ਲੋਕ 48 ਘੰਟਿਆਂ ਤੱਕ ਇੰਟਰ ਸਟੇਟ ਮੂਵਮੈਂਟ ਕਰਨਗੇ, ਉਨ੍ਹਾਂ ਨੂੰ ਵੀ 14 ਦਿਨਾਂ ਲਈ ਹੋਮ ਕੁਆਰੰਟੀਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਰੈੱਡ ਜ਼ੋਨ ਤੋਂ ਆਉਂਦਾ ਹੈ, ਉਸ ਨੂੰ ਸੰਸਥਾਗਤ ਕੁਆਰੰਟੀਨ 'ਚ ਰਹਿਣਾ ਹੋਵੇਗਾ। ਠਾਕੁਰ ਨੇ ਕਿਹਾ ਕਿ ਹਿਮਾਚਲ ਦੀਆਂ ਸਿੱਖਿਆ ਸੰਸਥਾਵਾਂ ਹਾਲੇ ਬੰਦ ਹਨ। ਇਸ 'ਤੇ ਜੇਕਰ ਕੋਈ ਫੈਸਲਾ ਲਿਆ ਜਾਵੇਗਾ ਤਾਂ ਉਹ ਜੁਲਾਈ ਮਹੀਨੇ 'ਚ ਲਿਆ ਜਾਵੇਗਾ। ਉਨ੍ਹਾਂ ਕੋਰੋਨਾ ਯੋਧਿਆਂ ਦਾ ਆਭਾਰ ਜ਼ਾਹਰ ਕਰਦੇ ਹੋਏ ਕਿਹਾ ਕਿ ਆਫ਼ਤ 'ਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਬਚਾਇਆ ਅਤੇ ਸੇਵਾ 'ਚ ਲਗਾਤਾਰ ਲਗੇ ਰਹੇ। ਉਨ੍ਹਾਂ ਨੇ ਪ੍ਰਦੇਸ਼ ਵਾਸੀਆਂ ਦਾ ਵੀ ਕੋਰੋਨਾ ਦੀ ਇਸ ਆਫ਼ਤ 'ਚ ਸਰਕਾਰ ਦਾ ਪੂਰਾ ਸਾਥ ਦੇਣ ਲਈ ਧੰਨਵਾਦ ਕੀਤਾ।