ਸੁੱਖੂ ਸਰਕਾਰ ਦੇ 7 ਵਿਧਾਇਕਾਂ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ, ਵੀਰਭੱਦਰ ਦੇ ਪੁੱਤਰ ਵਿਕਰਮਾਦਿਤਿਆ ਵੀ ਬਣੇ ਮੰਤਰੀ
Sunday, Jan 08, 2023 - 11:34 AM (IST)
ਸ਼ਿਮਲਾ- ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਦਾ ਐਤਵਾਰ ਨੂੰ ਵਿਸਥਾਰ ਕੀਤਾ ਗਿਆ। ਇਕ ਮਹੀਨੇ ਦੀ ਲੰਬੀ ਉਡੀਕ ਤੋਂ ਬਾਅਦ ਆਖਰਕਾਰ ਹਿਮਾਚਲ ਵਿਚ ਮੰਤਰੀ ਮੰਡਲ ਦਾ ਵਿਸਥਾਰ ਹੋ ਗਿਆ ਹੈ। ਮੰਤਰੀ ਮੰਡਲ 'ਚ 7 ਮੰਤਰੀ ਸ਼ਾਮਲ ਕੀਤੇ ਗਏ, ਜਿਸ ਨਾਲ ਮੰਤਰੀ ਪ੍ਰੀਸ਼ਦ 'ਚ ਮੰਤਰੀਆਂ ਦੀ ਕੁੱਲ ਗਿਣਤੀ 9 ਹੋ ਗਈ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਰਾਜ ਭਵਨ 'ਚ ਇਕ ਸਮਾਗਮ ਵਿਚ ਨਵੇਂ-ਨਿਯੁਕਤ ਮੰਤਰੀਆਂ ਨੂੰ ਸਹੁੰ ਚੁਕਾਈ। ਨਵੇਂ ਸ਼ਾਮਲ ਕੀਤੇ ਗਏ ਮੰਤਰੀਆਂ ਵਿਚ ਸੋਲਨ ਤੋਂ ਵਿਧਾਇਕ ਧਨੀਰਾਮ ਸ਼ਾਂਡਿਲ, ਕਾਂਗੜਾ ਜ਼ਿਲ੍ਹੇ ਦੇ ਜਵਾਲੀ ਤੋਂ ਚੰਦਰ ਕੁਮਾਰ, ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਤੋਂ ਹਰਸ਼ਵਰਧਨ ਚੌਹਾਨ ਅਤੇ ਕਬਾਇਲੀ ਕਿਨੌਰ ਜ਼ਿਲ੍ਹੇ ਤੋਂ ਜਗਤ ਸਿੰਘ ਨੇਗੀ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਰੋਹਿਤ ਠਾਕੁਰ, ਅਨਿਰੁਧ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਪੁੱਤਰ ਵਿਕਰਮਾਦਿਤਿਆ ਸਿੰਘ, ਜੋ ਕਿ ਕ੍ਰਮਵਾਰ ਜੁਬਲ-ਕੋਟਖਾਈ, ਕਸੁੰਮਤੀ ਅਤੇ ਸ਼ਿਮਲਾ (ਦਿਹਾਤੀ) ਤੋਂ ਵਿਧਾਇਕ ਹਨ, ਨੂੰ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ ਹੈ। ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਤੋਂ ਇਲਾਵਾ ਤਿੰਨ ਅਹੁਦੇ ਅਜੇ ਵੀ ਖਾਲੀ ਹਨ। ਰਾਜ ਮੰਤਰੀ ਮੰਡਲ ਵਿਚ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਵੱਧ ਤੋਂ ਵੱਧ ਗਿਣਤੀ 12 ਤੋਂ ਵੱਧ ਨਹੀਂ ਹੋ ਸਕਦੀ। ਮੁੱਖ ਮੰਤਰੀ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ 11 ਦਸੰਬਰ ਨੂੰ ਸਹੁੰ ਚੁੱਕ ਲਈ ਸੀ।
ਇਹ ਚੁਣੌਤੀਆਂ ਸਰਕਾਰ ਦੇ ਸਾਹਮਣੇ ਸਨ
ਹਿਮਾਚਲ ਪ੍ਰਦੇਸ਼ ਵਿਚ ਖੇਤਰਾਂ, ਜਾਤਾਂ ਅਤੇ ਧੜਿਆਂ ਵਿਚਕਾਰ ਸੰਤੁਲਨ ਬਣਾਈ ਰੱਖਣਾ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਥਾਂ ਦਿੰਦੇ ਹੋਏ ਮੰਤਰੀ ਮੰਡਲ ਦਾ ਵਿਸਥਾਰ ਕਰਨਾ ਕਾਂਗਰਸ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਪਾਰਟੀ ਦੇ ਇਕ ਸੂਤਰ ਨੇ ਕਿਹਾ ਸੀ ਕਿ 12 ਵਿਚੋਂ ਤਿੰਨ ਜ਼ਿਲ੍ਹਿਆਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ- ਹਮੀਰਪੁਰ ਤੋਂ ਸੁੱਖੂ, ਊਨਾ ਤੋਂ ਅਗਨੀਹੋਤਰੀ ਅਤੇ ਭਟਿਆਟ ਤੋਂ ਪੰਜ ਵਾਰ ਵਿਧਾਇਕ ਰਹੇ ਕੁਲਦੀਪ ਪਠਾਨੀਆ, ਜੋ ਚੰਬਾ ਤੋਂ ਹਨ ਅਤੇ ਵਿਧਾਨ ਸਭਾ ਸਪੀਕਰ ਹਨ।