ਹਿਮਾਚਲ ਪ੍ਰਦੇਸ਼ ਦਾ ਇਕ ਅਜਿਹਾ ਪਿੰਡ, ਜਿਸ ਨੂੰ ‘ਛੂਹ’ ਵੀ ਨਹੀਂ ਸਕਿਆ ਕੋਰੋਨਾ ਵਾਇਰਸ
Monday, May 24, 2021 - 06:09 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦਾ ਇਕ ਅਜਿਹਾ ਪਿੰਡ, ਜਿੱਥੇ ਕੋਰੋਨਾ ਵਾਇਰਸ ਨਹੀਂ ਹੈ। ਇਸ ਪਿੰਡ ਦਾ ਨਾਂ ਹੈ ਮਲਾਣਾ। ਇਸ ਪਿੰਡ ’ਚ ਬਾਹਰੀ ਲੋਕਾਂ ਦੀ ਐਂਟਰੀ ’ਤੇ ਪੂਰਨ ਰੋਕ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਹਰ ਪਾਸੇ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਮੌਤ ਦਾ ਅੰਕੜਾ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਨਾਂ ਤੋਂ ਮਸ਼ਹੂਰ ਇਹ ਪਿੰਡ ਕੋਰੋਨਾ ਵਾਇਰਸ ਨੂੰ ਬਾਹਰ ਰੱਖਣ ’ਚ ਸਫ਼ਲ ਰਿਹਾ ਹੈ।
ਕੱਲੂ ਜ਼ਿਲ੍ਹੇ ਦੇ ਇਸ ਪਿੰਡ ਨੂੰ ਕੋਰੋਨਾ ਮਹਾਮਾਰੀ ਛੂਹ ਵੀ ਨਹੀਂ ਸਕੀ। ਇਹ ਇਸ ਲਈ ਮੁਮਕਿਨ ਹੋਇਆ ਹੈ, ਕਿਉਂਕਿ ਪੂਰੇ ਕੋਰੋਨਾ ਕਾਲ ’ਚ ਇੱਥੋਂ ਦੇ ਬਾਸ਼ਿੰਦਿਆਂ ਨੇ ਬਾਹਰੀ ਲੋਕਾਂ ਅਤੇ ਸੈਲਾਨੀਆਂ ਦੇ ਆਉਣ ’ਤੇ ਰੋਕ ਲਾ ਰੱਖੀ ਹੈ। ਕੋਰੋਨਾ ਕਾਲ ’ਚ ਪਿੰਡ ਦੇ ਲੋਕ ਵੀ ਕਿਸੇ ਐਮਰਜੈਂਸੀ ’ਚ ਹੀ ਪਿੰਡ ਤੋਂ ਬਾਹਰ ਨਿਕਲਦੇ ਹਨ। ਪਿਛਲੇ ਅਪ੍ਰੈਲ ਤੋਂ ਹੀ ਮਲਾਣਾ ਪਿੰਡ ’ਚ ਬਾਹਰੀ ਲੋਕਾਂ ਦੇ ਆਉਣ ’ਤੇ ਪਾਬੰਦੀ ਲੱਗੀ ਹੋਈ ਹੈ, ਜਿਸ ਕਾਰਨ ਮਲਾਣਾ ਪਿੰਡ ’ਚ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਨਹੀਂ ਆਇਆ ਹੈ।
ਮਲਾਣਾ ਪਿੰਡ ਦਾ ਅੱਜ ਵੀ ਆਪਣਾ ਕਾਨੂੰਨ ਹੈ। 2,350 ਆਬਾਦੀ ਵਾਲੇ ਇਸ ਪਿੰਡ ਵਿਚ ਦੇਵਤਾ ਜਮਲੂ ਦਾ ਕਾਨੂੰਨ ਚੱਲਦਾ ਹੈ। ਆਲੇ-ਦੁਆਲੇ ਦੇ ਪਿੰਡਾਂ ਵਿਚ ਲੋਕਾਂ ਨੂੰ ਵੀ ਇੱਥੋਂ ਦੇ ਲੋਕ ਪਿੰਡ ਦੇ ਮੁੱਖ ਗੇਟ ਦੇ ਬਾਹਰ ਹੀ ਮਿਲਦੇ ਹਨ। ਜ਼ਾਹਰ ਹੈ ਕਿ ਮਲਾਣਾ ਵਾਸੀ ਇਕ ਵੱਡੇ ਪਰਿਵਾਰ ਵਾਂਗ ਇਕੱਠੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਪਿੰਡ ਵਾਸੀਆਂ ਨੇ ਸਖਤ ਫ਼ੈਸਲੇ ਲਏ, ਜਿਸ ਕਾਰਨ ਇੱਥੇ ਕੋਰੋਨਾ ਪਾਜ਼ੇਟਿਵ ਦਾ ਇਕ ਵੀ ਮਾਮਲਾ ਨਹੀਂ ਆਇਆ।
ਮਲਾਣਾ ਪੰਚਾਇਤ ਦੇ ਸਾਬਕਾ ਪ੍ਰਧਾਨ ਭਾਗੀ ਰਾਮ ਅਤੇ ਉੱਪ ਪ੍ਰਧਾਨ ਰਾਮ ਜੀ ਨੇ ਕਿਹਾ ਕਿ ਪਿੰਡ ਵਿਚ ਅਜੇ ਤੱਕ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਹੈ। ਲੋਕ ਆਪਣੇ ਪੱਧਰ ’ਤੇ ਕੋਰੋਨਾ ਨਾਲ ਨਜਿੱਠ ਰਹੇ ਹਨ ਅਤੇ ਉਨ੍ਹਾਂ ’ਤੇ ਜਮਲੂ ਦੇਵਤਾ ਦਾ ਪੂਰਾ ਆਸ਼ੀਰਵਾਦ ਹੈ। ਪੰਚਾਇਤ ਪ੍ਰਧਾਨ ਨੇ ਕਿਹਾ ਕਿ ਭਾਰਤ ਦਾ ਕੋਈ ਵੀ ਕਾਨੂੰਨ ਜਾਂ ਪੁਲਸ ਰਾਜ ਇੱਥੇ ਨਹੀਂ ਚੱਲਦਾ। ਆਪਣੀ ਖ਼ਾਸ ਪਰੰਪਰਾ, ਰੀਤੀ-ਰਿਵਾਜ ਅਤੇ ਕਾਨੂੰਨ ਦੇ ਚੱਲਦੇ ਇਸ ਪਿੰਡ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਕਿਹਾ ਜਾਂਦਾ ਹੈ।