ਮਸਜਿਦ ਨੂੰ ਲੈ ਕੇ ਐਕਸ਼ਨ ''ਚ ਪ੍ਰਸ਼ਾਸਨ, ਨਗਰ ਨਿਗਮ ਨੇ ਕੱਟਿਆ ਬਿਜਲੀ-ਪਾਣੀ ਕੁਨੈਕਸ਼ਨ
Friday, Sep 20, 2024 - 12:14 PM (IST)
ਮੰਡੀ- ਹਿਮਾਚਲ ਪ੍ਰਦੇਸ਼ ਵਿਚ ਗੈਰ-ਕਾਨੂੰਨੀ ਮਸਜਿਦ ਦੇ ਨਿਰਮਾਣ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਸਖ਼ਤ ਫੁਰਮਾਨ ਜਾਰੀ ਕੀਤਾ ਹੈ। ਇਸ ਦਰਮਿਆਨ ਮੰਡੀ ਦੇ ਜੇਲ੍ਹ ਰੋਡ ਸਥਿਤ ਮਸਜਿਦ ਦਾ ਬਿਜਲੀ-ਪਾਣੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਦੱਸ ਦੇਈਏ ਕਿ ਨਗਰ ਨਿਗਮ ਨੇ ਮਸਜਿਦ ਕਮੇਟੀ ਨੂੰ ਗੈਰ-ਕਾਨੂੰਨੀ ਨਿਰਮਾਣ ਤੋੜਨ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਨਾਲ ਹੀ ਸਖ਼ਤ ਆਦੇਸ਼ ਦਿੰਦੇ ਹੋਏ ਕਿਹਾ ਕਿ ਮਸਜਿਦ ਕਮੇਟੀ ਖ਼ੁਦ ਗੈਰ-ਕਾਨੂੰਨੀ ਢਾਂਚੇ ਨੂੰ ਹਟਾ ਦੇਵੇ ਜਾਂ ਫਿਰ ਪ੍ਰਸ਼ਾਸਨ ਉਸ ਨੂੰ ਤੋੜੇਗਾ। ਅਜਿਹੇ ਵਿਚ ਮਸਜਿਦ ਕਮੇਟੀ ਨੂੰ ਜਾਂ ਤਾਂ ਗੈਰ-ਕਾਨੂੰਨੀ ਢਾਂਚਾ ਹਟਾਉਣਾ ਹੋਵੇਗਾ ਨਹੀਂ ਤਾਂ 30 ਦਿਨਾਂ ਦੇ ਅੰਦਰ ਨਗਰ ਨਿਗਮ ਦੇ ਆਦੇਸ਼ ਦੇ ਖਿਲਾਫ਼ ਅਪੀਲ ਕਰਨੀ ਹੋਵੇਗੀ।
ਦੱਸ ਦੇਈਏ ਕਿ ਮੰਡੀ ਵਿਚ ਗੈਰ-ਕਾਨੂੰਨੀ ਮਸਜਿਦ ਨਿਰਮਾਣ ਨੂੰ ਲੈ ਕੇ ਵੱਖ-ਵੱਖ ਹਿੰਦੂ ਭਾਈਚਾਰਿਆਂ ਨੇ ਬੀਤੇ ਹਫ਼ਤੇ ਇਕ ਰੈਲੀ ਵੀ ਕੱਢੀ ਸੀ। ਇਹ ਪ੍ਰਦਰਸ਼ਨ ਰੈਲੀ ਮੰਡੀ ਸ਼ਹਿਰ ਤੋਂ ਸਕੋਡੀ ਚੌਕ ਤੱਕ ਕੱਢੀ ਗਈ ਸੀ। ਹਿੰਦੂ ਭਾਈਚਾਰਿਆਂ ਦੀ ਇਸ ਰੈਲੀ ਦੇ ਮੱਦੇਨਜ਼ਰ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੌਛਾਰਾਂ ਵੀ ਕੀਤੀਆਂ।
ਓਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੰਡੀ ਵਿਚ ਗੈਰ-ਕਾਨੂੰਨੀ ਨਿਰਮਾਣ ਦੀ ਗੱਲ ਸਾਹਮਣੇ ਆਈ ਹੈ। ਮਸਜਿਦ ਵਿਵਾਦ ਨੂੰ ਲੈ ਕੇ ਕਮੇਟੀ ਬਣੇਗੀ। ਇਹ ਸ਼ਾਂਤੀ ਪਸੰਦ ਸੂਬਾ ਹੈ, ਜਿੱਥੇ ਸਾਰੇ ਧਰਮਾਂ ਦਾ ਸਨਮਾਨ ਹੁੰਦਾ ਹੈ। ਕਿਸੇ ਵੀ ਧਰਮ ਅਤੇ ਜਾਤੀ ਨੂੰ ਠੇਸ ਨਹੀਂ ਪਹੁੰਚਾਈ ਜਾਵੇਗੀ। ਸਾਡੀ ਸਰਕਾਰ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ। ਗੈਰ-ਕਾਨੂੰਨੀ ਨਿਰਮਾਣ ਸਵੀਕਾਰ ਨਹੀਂ ਹੈ ਪਰ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਵੀ ਕਾਨੂੰਨ ਦੇ ਦਾਇਰੇ ਵਿਚ ਕਾਰਵਾਈ ਹੋਵੇਗੀ।