ਹਿਮਾਚਲ ਤੇ ਉੱਤਰਾਖੰਡ ’ਚ ਤਾਜ਼ਾ ਬਰਫ਼ਬਾਰੀ
Tuesday, Mar 17, 2026 - 11:29 PM (IST)
ਸ਼ਿਮਲਾ, (ਭਾਸ਼ਾ)- ਤਾਜ਼ਾ ਪੱਛਮੀ ਗੜਬੜੀ ਕਾਰਨ ਪੂਰੇ ਹਿਮਾਚਲ ਪ੍ਰਦੇਸ਼ ’ਚ ਮੀਂਹ ਪਿਆ ਅਤੇ ਬਰਫ਼ਬਾਰੀ ਹੋਈ। ਕੇਲਾਂਗ ’ਚ 20 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ, ਜਦਕਿ ਸੂਬੇ ਦੇ ਕਈ ਹਿੱਸਿਆਂ ’ਚ ਦਰਮਿਆਨੇ ਤੋਂ ਭਾਰੀ ਮੀਂਹ ਪਿਆ, ਜਿਸ ਨਾਲ ਤਾਪਮਾਨ ’ਚ ਕਾਫ਼ੀ ਗਿਰਾਵਟ ਆਈ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਸਵੇਰੇ 8:30 ਵਜੇ ਦੇ ਅੰਕੜਿਆਂ ਅਨੁਸਾਰ, ਲਾਹੌਲ-ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲਿਆਂ ਦੀਆਂ ਉੱਚੀਆਂ ਚੋਟੀਆਂ ’ਤੇ ਭਾਰੀ ਬਰਫ਼ਬਾਰੀ ਹੋਈ ਹੈ। ਕੇਲਾਂਗ ਤੋਂ ਇਲਾਵਾ, ਜੋਤ ’ਚ 12 ਸੈਂਟੀਮੀਟਰ, ਕੁਕੁਮਸੇਰੀ ’ਚ 11.2 ਸੈਂਟੀਮੀਟਰ, ਕਲਪਾ ’ਚ 8.8 ਸੈਂਟੀਮੀਟਰ, ਹੰਸਾ ’ਚ 7.5 ਸੈਂਟੀਮੀਟਰ, ਮਨਾਲੀ ’ਚ 5 ਸੈਂਟੀਮੀਟਰ ਅਤੇ ਸਾਂਗਲਾ ’ਚ 4.5 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ।
ਉੱਥੇ ਹੀ ਉੱਤਰਾਖੰਡ ਦੇ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮੁਨੋਤਰੀ, ਮੁਨਸਿਆਰੀ, ਧਾਰਚੂਲਾ ਅਤੇ ਔਲੀ ਸਮੇਤ ਕਈ ਉੱਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਨੇ ਠੰਡ ਵਾਪਸ ਲਿਆ ਦਿੱਤੀ ਹੈ। ਬਦਰੀਨਾਥ ’ਚ ਐਤਵਾਰ ਰਾਤ ਤੋਂ ਭਾਰੀ ਬਰਫ਼ਬਾਰੀ ਦੀ ਪੁਸ਼ਟੀ ਕਈ ਰਿਪੋਰਟਾਂ ’ਚ ਵੀ ਹੋਈ ਹੈ, ਜਿਸ ਨਾਲ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ।
