ਹਿਮਾਚਲ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, ਕਾਰ ''ਤੇ ਟਰੱਕ ਪਲਟਣ ਨਾਲ 3 ਲੋਕਾਂ ਦੀ ਮੌਤ
Saturday, Oct 01, 2022 - 01:22 PM (IST)
ਸ਼ਿਮਲਾ (ਵਾਰਤਾ)- ਸ਼ਿਮਲਾ ਦੇ ਛਰਾਬਰਾ ਖੇਤਰ 'ਚ ਠਿਯੋਗ-ਸ਼ਿਮਲਾ ਰੋਡ 'ਤੇ ਸ਼ਨੀਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇਕ ਟਰੱਕ ਦੇ ਕਾਰ 'ਤੇ ਪਲਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਸੇਬ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਇਕ ਕਾਰ 'ਤੇ ਪਲਟ ਗਿਆ। ਕਾਰ ਸਵਾਰ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ 'ਤੇ ਪਹੁੰਚੀ ਸਥਾਨਕ ਪੁਲਸ ਦੀ ਇਕ ਟੀਮ ਨੇ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢੀਆਂ ਅਤੇ ਪੋਸਟਮਾਰਟਮ ਲਈ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ.ਜੀ.ਐੱਮ.ਸੀ.) ਭੇਜ ਦਿੱਤੀਆਂ। ਪੁਲਸ ਨੇ ਕਿਹਾ ਤਿੰਨੋਂ ਮ੍ਰਿਤਕਾਂ ਦੀ ਪਛਾਣ ਸੂਰਤ ਸਿੰਘ (45), ਪ੍ਰਤਾਪ ਸਿੰਘ (71) ਅਤੇ ਕ੍ਰਿਪਾ ਰਾਮ (63) ਵਜੋਂ ਹੋਈ ਹੈ, ਜੋ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਉਪਮੰਡਲ ਦੇ ਟਿੱਕਰੀ ਇਲਾਕੇ ਦੇ ਵਾਸੀ ਸਨ।
ਇਹ ਵੀ ਪੜ੍ਹੋ : ਨਾਬਾਲਗ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ ਕੋਰਟ ਨੇ ਸੁਣਵਾਈ 142 ਸਾਲ ਦੀ ਸਜ਼ਾ
ਪੁਲਸ ਅਨੁਸਾਰ ਹਾਦਸਾ ਸਵੇਰੇ ਕਰੀਬ 6.30 ਵਜੇ ਵਾਪਰਿਆ। ਸੇਬ ਨਾਲ ਭਰਿਆ ਟਰੱਕ ਸ਼ਿਮਲਾ ਦੇ ਗ੍ਰਾਮੀਣ ਖੇਤਰ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਡਰਾਈਵਰ ਨੇ ਛਰਾਬਰਾ 'ਚ ਹਸਨ ਘਾਟੀ ਕੋਲ ਟਰੱਕ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਕਾਰ 'ਤੇ ਪਲਟ ਗਿਆ। ਟਰੱਕ ਦੇ ਹੇਠਾਂ ਦੱਬਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਡੀ.ਐੱਸ.ਪੀ. ਕਮਲ ਸ਼ਰਮਾ ਨੇ ਕਿਹਾ,''ਕਾਰ ਸਵਾਰ ਤਿੰਨ ਲੋਕਾਂ ਨੇ ਹਾਦਸੇ 'ਚ ਆਪਣੀ ਜਾਨ ਗੁਆ ਦਿੱਤੀ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਤਿੰਨੋਂ ਮ੍ਰਿਤਕ ਸ਼ਿਮਲਾ ਜ਼ਿਲ੍ਹੇ ਦੇ ਉਪ ਮੰਡਲ ਚੌਪਾਲ ਦੇ ਵਾਸੀ ਸਨ। ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਭੇਜਿਆ ਗਿਆ ਹੈ।'' ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੜਕ ਹਾਦਸੇ 'ਚ ਮੌਤ 'ਤੇ ਸੋਗ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ,''ਠਿਯੋਗ-ਸ਼ਿਮਲਾ ਮਾਰਗ 'ਤੇ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਦਾ ਸਮਾਚਾਰ ਬੇਹੱਦ ਦੁਖ਼ਦ ਹੈ। ਪਰਮਾਤਮਾ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਸੋਗ ਪੀੜਤ ਪਰਿਵਾਰਾਂ ਨੂੰ ਸ਼ਕਤੀ ਪ੍ਰਦਾਨ ਕਰੇ। ਪਰਮਾਤਮਾ ਤੋਂ ਪ੍ਰਾਰਥਨਾ ਹੈ ਕਿ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਕਾਮਨਾ ਕਰਦਾ ਹਾਂ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ