ਵਿਦੇਸ਼ਾਂ ''ਚ ਵਸਦੇ ਹਿਮਾਚਲ ਦੇ ਲੋਕ ਸੂਬੇ ਦੇ ਸੱਭਿਆਚਾਰ ਨੂੰ ਕਰ ਰਹੇ ਪ੍ਰਫੁੱਲਿਤ : CM ਸੁੱਖੂ
Monday, Sep 04, 2023 - 04:56 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੈਨੇਡਾ ਵਿਚ ਰਹਿਣ ਵਾਲੇ ਪ੍ਰਦੇਸ਼ ਵਾਸੀਆਂ ਦੇ ਇਕ ਸੰਗਠਨ ਦੀ ਉੱਥੇ ਇਕ ਆਨਲਾਈਨ ਪ੍ਰੋਗਰਾਮ ਦੇ ਆਯੋਜਨ ਨੂੰ ਲੈ ਕੇ ਸੋਮਵਾਰ ਨੂੰ ਪ੍ਰਸ਼ੰਸਾ ਕੀਤੀ। ਹਿਮਾਚਲੀ ਐਸੋਸੀਏਸ਼ਨ ਆਫ਼ ਅਲਬਰਟਾ ਵਲੋਂ ਆਯੋਜਿਤ ਹਿਮਾਚਲੀ ਧਾਮ 'ਚ ਵੀਡੀਓ ਕਾਨਫਰੰਸ ਜ਼ਰੀਏ ਹਿੱਸਾ ਲੈਂਦਿਆਂ ਸੁੱਖੂ ਨੇ ਕਿਹਾ ਕਿ ਅਜਿਹੇ ਆਯੋਜਨ ਵਿਦੇਸ਼ ਵਿਚ ਵਸਦੇ ਹਿਮਾਚਲ ਦੇ ਲੋਕਾਂ ਨੂੰ ਉਨ੍ਹਾਂ ਦੀ ਖ਼ੁਸ਼ਹਾਲ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਮੁੱਖ ਮੰਤਰੀ ਨੇ ਵਿਦੇਸ਼ ਵਿਚ ਰਹਿਣ ਵਾਲੇ ਹਿਮਾਚਲ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਨੌਜਵਾਨ ਪੀੜ੍ਹੀ ਨੂੰ ਸੂਬੇ ਦੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਤੋਂ ਜਾਣੂ ਕਰਾਉਣ ਵਿਚ ਅਜਿਹੇ ਪ੍ਰੋਗਰਾਮਾਂ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਹ ਨੌਜਵਾਨ ਪੀੜ੍ਹੀ ਦੀ ਆਪਣੀ ਮਿੱਟੀ ਨਾਲ ਜੁੜਾਅ ਮਹਿਸੂਸ ਕਰਨ ਵਿਚ ਮਦਦ ਕਰਦੇ ਹਨ। ਹਿਮਾਚਲੀ ਐਸੋਸੀਏਸ਼ਨ ਆਫ਼ ਅਲਬਰਟਾ ਦੇ ਪ੍ਰਧਾਨ ਅਮਿਤ ਸ਼ਰਮਾ ਨੇ ਕਿਹਾ ਕਿ ਇਹ ਪ੍ਰੋਗਰਾਮ ਹਿਮਾਚਲ ਦੇ ਸੱਭਿਆਚਾਰ ਵਿਰਾਸਤ ਅਤੇ ਰੀਤੀ-ਰਿਵਾਜ਼ਾਂ ਦਾ ਉਤਸਵ ਮਨਾਉਣ ਲਈ ਆਯੋਜਿਤ ਕੀਤਾ ਗਿਆ ਹੈ। ਨਤੀਜੇ ਵਜੋਂ ਇਹ ਭੂਗੋਲਿਕ ਦੂਰੀ ਦੇ ਬਾਵਜੂਦ ਅਲਬਰਟਾ 'ਚ ਰਹਿਣ ਵਾਲੇ ਹਿਮਾਚਲ ਦੇ ਲੋਕਾਂ ਅਤੇ ਸੂਬੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਂਦਾ ਹੈ।