ਹਿਮਾਚਲ ''ਚ ਬਰਫ਼ਬਾਰੀ ਦਾ ਕਹਿਰ, 336 ਸੜਕਾਂ ਅਜੇ ਵੀ ਬੰਦ

02/08/2024 5:23:41 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਮਗਰੋਂ ਮੁਸੀਬਤਾਂ ਵੱਧ ਗਈਆਂ ਹਨ। ਸੂਬੇ  ਵਿਚ ਅਜੇ ਵੀ 336 ਸੜਕਾਂ ਬੰਦ ਪਈਆਂ ਹਨ। ਲੋਕ ਨਿਰਮਾਣ ਵਿਭਾਗ ਮੁਤਾਬਕ ਇਨ੍ਹਾਂ ਬੰਦ ਸੜਕਾਂ ਵਿਚ ਵੀਰਵਾਰ ਨੂੰ 89 ਅਤੇ 236 ਸੜਕਾਂ ਸ਼ੁੱਕਰਵਾਰ ਨੂੰ ਖੋਲ੍ਹ ਦਿੱਤੀਆਂ ਜਾਣਗੀਆਂ। 11 ਸੜਕਾਂ ਨੂੰ 8 ਫਰਵਰੀ ਮਗਰੋਂ ਆਵਾਜਾਈ ਲਈ ਬਹਾਲ ਕਰ ਦਿੱਤਾ ਜਾਵੇਗਾ। ਬੰਦ 336 ਸੜਕਾਂ ਵਿਚੋਂ ਸਭ ਤੋਂ ਵੱਧ ਮੰਡੀ ਜ਼ੋਨ ਵਿਚ 213 ਸੜਕਾਂ ਸ਼ਾਮਲ ਹਨ। ਸ਼ਿਮਲਾ ਜ਼ੋਨ ਤਹਿਤ 77 ਬੰਦ ਸੜਕਾਂ ਵਿਚੋਂ 47 ਸੜਕਾਂ ਨੂੰ ਵੀਰਵਾਰ ਅਤੇ 22 ਸੜਕਾਂ ਨੂੰ ਸ਼ੁੱਕਰਵਾਰ ਨੂੰ ਖੋਲ੍ਹਿਆ ਜਾਵੇਗਾ। 

ਓਧਰ ਮਨਾਲੀ 'ਚ ਸੜਕ 'ਤੇ ਤਿਲਕਣ ਹੋਣ ਕਾਰਨ ਲਗਜ਼ਰੀ ਬੱਸਾਂ 17 ਮੀਲ ਅਤੇ ਕਲਾਥ ਤੱਕ ਹੀ ਪਹੁੰਚ ਸਕੀਆਂ। ਸੜਕ ਦੇ ਦੋਹਾਂ ਪਾਸੇ ਲੱਗੇ ਬਰਫ਼ ਦੇ ਢੇਰ ਕਾਰਨ ਵੀ ਬੱਸਾਂ ਮਨਾਲੀ ਨਹੀਂ ਪਹੁੰਚ ਸਕੀਆਂ ਹਨ। ਬੱਸਾਂ ਦੇ ਵੀਰਵਾਰ ਨੂੰ ਵੋਲਵੋ ਸਟੈਂਡ ਮਨਾਲੀ ਪਹੁੰਚਣ ਦੀ ਉਮੀਦ ਹੈ। ਇਸ ਵਾਰ ਘੱਟ ਮੀਂਹ ਅਤੇ ਬਰਫ਼ਬਾਰੀ ਦੇ ਬਾਵਜੂਦ ਵਿੰਟਰ ਸੀਜ਼ਨ ਵਿਚ ਪ੍ਰਦੇਸ਼ 'ਚ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿਚ 128 ਲੋਕਾਂ ਦੀ ਮੌਤ ਹੋਈ ਹੈ, ਜਦਕਿ 228 ਲੋਕ ਜ਼ਖ਼ਮੀ ਵੀ ਹੋਏ ਹਨ। ਜ਼ਮੀਨ ਖਿਸਕਣ ਅਤੇ ਹੋਰ ਘਟਨਾਵਾਂ ਵਿਚ 42, ਜਦਕਿ ਸੜਕ ਹਾਦਸਿਆਂ 'ਚ 86 ਲੋਕਾਂ ਦੀ ਮੌਤ ਹੋਈ ਹੈ। ਪ੍ਰਦੇਸ਼ 'ਚ 6 ਲੋਕ ਅਜੇ ਵੀ ਲਾਪਤਾ ਹਨ।

ਹਿਮਾਚਲ ਵਿਚ ਹੁਣ 13 ਫਰਵਰੀ ਤੱਕ ਸਾਰੇ ਖੇਤਰਾਂ ਦਾ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ। ਬੁੱਧਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਕਈ ਖੇਤਰਾਂ ਵਿਚ ਆਸਮਾਨ 'ਤੇ ਬੱਦਲਾਂ ਦਾ ਡੇਰਾ ਰਿਹਾ ਅਤੇ ਵੱਖ-ਵੱਖ ਥਾਵਾਂ 'ਤੇ ਸੀਤ ਲਹਿਰ ਚਲੀ ਅਤੇ ਪਾਲਾ ਵੀ ਦਰਜ ਕੀਤਾ ਗਿਆ ਹੈ।


Tanu

Content Editor

Related News