ਲਾਹੌਲ-ਸਪੀਤੀ ''ਚ ਸੁਰੱਖਿਅਤ ਥਾਵਾਂ ''ਤੇ ਪਹੁੰਚਾਏ ਗਏ ਸੈਲਾਨੀ, ਬਰਫ਼ਬਾਰੀ ਤੇ ਮੀਂਹ ਕਾਰਨ 650 ਸੜਕਾਂ ਬੰਦ
Monday, Mar 04, 2024 - 01:14 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਲਾਹੌਲ-ਸਪੀਤੀ ਘਾਟੀ 'ਚ ਫਸੇ 81 ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ। ਭਾਰੀ ਬਰਫ਼ਬਾਰੀ ਹੋਣ ਕਾਰਨ ਸੜਕਾਂ ਬੰਦ ਹੋ ਗਈਆਂ, ਜਿਸ ਕਾਰਨ ਸੈਲਾਨੀ ਫਸ ਗਏ ਸਨ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾ ਐਮਰਜੈਂਸੀ ਪਰਿਚਾਲਨ ਕੇਂਦਰ ਮੁਤਾਬਕ ਸੂਬੇ ਵਿਚ ਪਿਛਲੇ 3 ਦਿਨਾਂ ਤੋਂ ਲਗਾਤਾਰ ਮੀਂਹ ਅਤੇ ਬਰਫ਼ਬਾਰੀ ਕਾਰਨ ਕਈ ਥਾਵਾਂ 'ਤੇ ਬਰਫ਼ ਦੇ ਤੋਦੇ ਡਿੱਗੇ ਅਤੇ ਜ਼ਮੀਨ ਖਿਸਕ ਗਈ। ਜਿਸ ਕਾਰਨ 5 ਨੈਸ਼ਨਲ ਹਾਈਵੇਅਜ਼ ਸਣੇ 650 ਤੋਂ ਵੱਧ ਸੜਕਾਂ ਸੋਮਵਾਰ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਰਹੀਆਂ। ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਲਾਹੌਲ-ਸਪੀਤੀ ਜ਼ਿਲ੍ਹੇ ਦੀ ਸਪੀਤੀ ਘਾਟੀ ਵਿਚ ਫਸੇ 81 ਸੈਲਾਨੀਆਂ ਨੂੰ ਐਤਵਾਰ ਰਾਤ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਅਤੇ ਵੱਖ-ਵੱਖ ਹੋਟਲਾਂ ਅਤੇ ਹੋਮ ਸਟੇਅ ਵਿਚ ਠਹਿਰਾਇਆ ਗਿਆ।
ਇਕ ਬਿਆਨ ਵਿਚ ਕਿਹਾ ਗਿਆ ਕਿ ਲਾਹੌਲ-ਸਪੀਤੀ ਜ਼ਿਲ੍ਹੇ 'ਚ ਲੱਗਭਗ 290 ਸੜਕਾਂ ਬੰਦ ਹਨ ਅਤੇ ਕਈ ਇਲਾਕਿਆਂ 'ਚ ਪਿਛਲੇ ਦੋ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੈ। ਲਾਹੌਲ-ਸਪੀਤੀ 'ਚ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਮੋਬਾਇਲ ਨੈੱਟਵਰਕ ਵੀ ਪ੍ਰਭਾਵਿਤ ਹੋ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਲਾਹੌਲ-ਸਪੀਤੀ 'ਚ ਜਸਰਤ ਪਿੰਡ ਕੋਲ ਬਰਫ਼ ਦੇ ਤੋਦੇ ਡਿੱਗਣ ਕਾਰਨ ਦਾਰਾ ਝਰਨੇ 'ਤੇ ਅਸਰ ਪਿਆ। ਚਿਨਾਬ ਨਦੀ ਦਾ ਜਲ ਪ੍ਰਵਾਹ ਪ੍ਰਭਾਵਿਤ ਹੋ ਗਿਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇੜਲੇ ਪਿੰਡਾਂ ਜੋਬਰਾਂਗ, ਰਾਪੀ, ਜਸਰਤ, ਤਰੰਦ ਅਤੇ ਥਰੋਟ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਨਜ਼ਦੀਕੀ ਪੁਲਸ ਚੌਕੀ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਸੂਬੇ ਭਰ ਵਿਚ ਠੰਡ ਦਾ ਕਹਿਰ ਜਾਰੀ ਰਿਹਾ।