ਸੈਰ-ਸਪਾਟੇ ਦਾ ਖਾਮੀਆਜ਼ਾ ਭੁਗਤ ਰਹੇ ਹਨ ਹਿੱਲ ਸਟੇਸ਼ਨ

Saturday, Jun 18, 2022 - 10:10 AM (IST)

ਸੈਰ-ਸਪਾਟੇ ਦਾ ਖਾਮੀਆਜ਼ਾ ਭੁਗਤ ਰਹੇ ਹਨ ਹਿੱਲ ਸਟੇਸ਼ਨ

ਜਲੰਧਰ/ਨਵੀਂ ਦਿੱਲੀ (ਨੈਸ਼ਨਲ ਡੈਸਕ)- ਦੇਸ਼ ਵਿਚ ਸਭ ਤੋਂ ਸ਼ੁੱਧ ਹਵਾ ਦੇ ਸਥਾਨ ਲੱਦਾਖ ਨੂੰ ਸੈਰ-ਸਪਾਟੇ ਨੇ ਆਰਥਿਕ ਖੁਸ਼ਹਾਲੀ ਤਾਂ ਦਿੱਤੀ ਹੈ ਪਰ ਹੁਣ ਇਸੇ ਸੈਰ-ਸਪਾਟੇ ਕਾਰਨ ਇਥੇ ਵਾਤਾਵਰਣ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ ਅਤੇ ਲੋਕਾਂ ਦੇ ਨਾਲ ਜੰਗਲੀ ਜੀਵਾਂ ਨੂੰ ਵੀ ਇਸ ਦਾ ਖਾਮੀਆਜ਼ਾ ਭੁਗਤਣਾ ਪੈ ਰਿਹਾ ਹੈ। ਹਾਲ ਹੀ ਵਿਚ ਨੈਸ਼ਨਲ ਗ੍ਰੀਨ ਟ੍ਰਿਊਬਿਨਲ (ਐੱਨ. ਜੀ. ਟੀ.) ਦੇ ਹੁਕਮਾਂ ਤੇ ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ (ਐੱਮ. ਓ. ਈ. ਐੱਫ ਅਤੇ ਸੀ. ਸੀ.) ਨੂੰ ਇਕ ਰਿਪੋਰਟ ਸੌਂਪੀ ਗਈ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਹਿਮਾਲਿਆ ਦੇ ਖੇਤਰਾਂ ਵਿਚ ਨਾਗਰਿਕ ਸਹੂਲਤਾਂ ਵਿਚਾਲੇ ਸੈਰ-ਸਪਾਟਾ ਮੈਨੇਜਮੈਂਟ ਆਪਣੇ ਆਪ ਵਿਚ ਇਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਰਿਪੋਰਟ ਵਿਚ ਕਸ਼ਮੀਰ, ਅਮਰਨਾਥ, ਵੈਸ਼ਣੋਂ ਦੇਵੀ ਅਤੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਖੇਤਰ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਿਮਾਲਿਆ ਦੇ ਖੇਤਰ ਵਿਚ ਵਧਦੇ ਸੈਰ-ਸਪਾਟੇ ਕਾਰਨ ਹਿੱਲ ਸਟੇਸ਼ਨਾਂ ’ਤੇ ਦਬਾਅ ਵਧ ਰਿਹਾ ਹੈ। ਸੈਰ-ਸਪਾਟੇ ਨਾਲ ਜਿਸ ਤਰ੍ਹਾਂ ਨਾਲ ਇਸ ਖੇਤਰ ਵਿਚ ਜ਼ਮੀਨੀ ਵਰਤੋਂ ਵਿਚ ਬਦਲਾਅ ਆ ਰਿਹਾ ਹੈ ਉਹ ਆਪਣੇ-ਆਪ ਵਿਚ ਇਕ ਵੱਡੀ ਸਮੱਸਿਆ ਹੈ। ਜੰਗਲਾਂ ਦਾ ਵਧਦਾ ਵਿਨਾਸ਼ ਵੀ ਇਸ ਖੇਤਰ ਦੇ ਇਕੋਸਿਸਟਮ ’ਤੇ ਵਿਆਪਕ ਅਸਰ ਪਾ ਰਿਹਾ ਹੈ।

ਨਿਯਮਾਂ ਨੂੰ ਠੀਕ ਕਰਨ ਦੀ ਵਕਾਲਤ
ਰਿਪੋਰ ਨੂੰ ਗੋਵਿੰਦ ਵਲੱਭ ਪੰਤ ਰਾਸ਼ਟਰੀ ਹਿਮਾਲਿਆ ਵਾਤਾਵਰਣ ਸੰਸਥਾਨ (ਜੀ. ਬੀ. ਐੱਨ. ਆਈ. ਐੱਚ. ਈ.) ਵਲੋਂ ਜਾਰੀ ਕੀਤਾ ਗਿਆ ਹੈ। ਇਸਦਾ ਸਿਰਲੇਖ ‘ਐੱਨਵਾਇਰਮੈਂਟ ਅਸੈਸਮੈਂਟ ਆਫ ਟੂਰਿਜ਼ਮ ਇਨ ਦਿ ਇੰਡੀਅਨ ਹਿਮਾਲੀਅਨ ਰੀਜਨ’ ਹੈ। ਇਹ ਰਿਪੋਰਟ ਮੀਡੀਆ ਵਿਚ ਪ੍ਰਕਾਸ਼ਿਤ ਇਕ ਲੇਖ ਦੇ ਸੰਦਰਭ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਸੀ ਸੈਰ-ਸਪਾਟੇ ਨੇ ਹਿਮਾਲਿਆ ਖੇਤਰ ਵਿਚ ਆਰਥਿਕ ਖੁਸ਼ਹਾਲੀ ਤਾਂ ਲਿਆਂਦੀ ਹੈ ਪਰ ਇਸਦਾ ਖਾਮੀਆਜ਼ਾ ਵਾਤਾਵਰਣ ਨੂੰ ਭੁਗਤਣਾ ਪੈ ਰਿਹਾ ਹੈ। ਇਹ ਰਿਪੋਰਟ ਹਾਲ ਹੀ ਵਿਚ ਐੱਨ. ਜੀ. ਟੀ. ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਹੈ। ਰਿਪੋਰਟ ਵਿਚ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਭਾਰਤੀ ਹਿਮਾਲਿਆ ਖੇਤਰ ਲਈ ਸਸਟੇਨੇਬਲ ਏਜੰਡੇ ਦੇ ਨਾਲ ਸੈਰ-ਸਪਾਟੇ ਸਬੰਧੀ ਨਿਯਮਾਂ ਨੂੰ ਠੀਕ ਕਰਨ ਦੀ ਲੋੜ ਹੈ। ਇਸ ਨੂੰ ਭਾਰਤੀ ਹਿਮਾਲਿਆ ਖੇਤਰ ਦੇ ਹਰ ਇਕ ਸੈਰ-ਸਪਾਟਾ ਸਥਾਨ ’ਤੇ ਕਿੰਨੇ ਸੈਲਾਨੀਆਂ ਲਈ ਸਹੂਲਤਾਂ ਮੌਜੂਦ ਹਨ ਅਤੇ ਉਥੇ ਮੌਜੂਦ ਬੁਨੀਆਦੀ ਢਾਂਚੇ ਦੀ ਕਿੰਨੀ ਸਮਰੱਥਾ ਹੈ ਇਸ ਸਭ ਨੂੰ ਧਿਆਨ ਵਿਚ ਰੱਖ ਕੇ ਕੰਟਰੋਲ ਕੀਤਾ ਜਾ ਸਕਦਾ ਹੈ।

ਜਲਵਾਯੂ ਵਿਚ ਘੁਲਦਾ ਪ੍ਰਦੂਸ਼ਣ ਵੱਡੀ ਸਮੱਸਿਆ
ਲੱਦਾਖ ਵਾਂਗ ਹੀ ਕਸ਼ਮੀਰ ਖੇਤਰ ਵਿਚ ਵੀ ਸੈਲਾਨੀਆਂ ਦੀ ਆਵਾਜਾਈ, ਹਵਾ ਦੀ ਗੁਣਵੱਤਾ ਅਤੇ ਠੋੋਸ ਕਚਰੇ ਦੇ ਪ੍ਰਬੰਧਨ ’ਤੇ ਧਿਆਨ ਦੇਣ ਦੀ ਲੋੜ ਹੈ। ਇਸਦੇ ਨਾਲ ਹੀ ਜੰਮੂ ਵਿਚ ਅਮਰਨਾਥ ਅਤੇ ਮਾਤਾ ਵੈਸ਼ਣੋਂ ਦੇਵੀ ਦੀ ਯਾਤਰਾ ਕਨਰ ਵਾਲੇ ਤੀਰਥ ਯਾਤਰੀਆਂ ਲਈ ਬਿਹਤਰ ਸਹੂਲਤਾਂ ਯਕੀਨੀ ਕਰਨ ਲਈ ਉਥੇ ਮੌਜੂਦ ਸਹੂਲਤਾਂ ’ਤੇ ਵੀ ਧਿਆਨ ਦੇਣ ਦੀ ਲੋੜ ਹੈ। ਰਿਪੋਰਟ ਮੁਤਾਬਕ ਮੁੱਖ ਤੌਰ ਨਾਲ ਠੋਸ ਕਚਰੇ ਦੇ ਉਤਪਾਦਨ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰ ਕੇ ਜਲਵਾਯੂ ਅਤੇ ਜੈਵ ਵੱਖਰੇਵਿਆਂ ਨੂੰ ਹੁੰਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਰਿਪੋਰਟ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਜਿਥੇ ਇਸ ਖੇਤਰ ਵਿਚ ਸਥਾਨਕ ਲੋਕਾਂ ਦੇ ਸਥਾਈ ਰੋਜ਼ਗਾਰ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਉਥੇ ਨਾਲ ਹੀ ਅਨਿਯਮਿਤ ਸੈਰ-ਸਪਾਟੇ ਕਾਰਨ ਇਸ ਖੇਤਰ ਵਿਚ ਵਾਤਾਵਰਣ ਅਤੇ ਈਕੋਸਿਸਟਮ ਨੂੰ ਹੁੰਦੇ ਨੁਕਸਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਮਨਾਲੀ ਵਿਚ ਵਧਦਾ ਸੈਲਾਨੀਆਂ ਦਾ ਦਬਾਅ
ਇਸੇ ਤਰ੍ਹਾਂ ਮਨਾਲੀ, ਹਿਮਾਚਲ ਪ੍ਰਦੇਸ਼ ਵਿਚ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ 1989 ਵਿਚ ਉਥੇ ਜੋ 4.7 ਫੀਸਦੀ ਨਿਰਮਿਤ ਖੇਤਰ ਸੀ ਉਹ 2012 ਵਿਚ ਵਧ ਕੇ 15.7 ਫੀਸਦੀ ਹੋ ਗਿਆ ਹੈ। ਇਸੇ ਤਰ੍ਹਾਂ 1980 ਤੋਂ 20111 ਵਿਚਾਲੇ ਉਥੇ ਸੈਲਾਨੀਆਂ ਦੀ ਗਿਣਤੀ ਵਿਚ 1900 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਿਥੇ 1989 ਵਿਚ ਉਥੇ ਆਏ ਸੈਲਾਨੀਆਂ ਦਾ ਅੰਕੜਾ 1.4 ਲੱਖ ਸੀ ਉਹ 2012 ਵਿਚ ਵਧ ਕੇ 28 ਲੱਖ ਤੱਕ ਪਹੁੰਚ ਗਿਆ ਸੀ। ਜਿਸਦਾ ਸਿੱਧਾ ਅਸਰ ਇਸ ਖੇਤਰ ਦੇ ਇਕੋਸਿਸਟਮ ’ਤੇ ਪੈ ਰਿਹਾ ਹੈ। ਇਸਦੇ ਨਾਲ ਹੀ ਇਸ ਖੇਤਰ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਮੌਜੂਦ ਹੋਟਲਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਸ ਦਾ ਖਾਮੀਆਜਾ ਇਸ ਖੇਤਰ ਵਿਚ ਹਰਿਆਲੀ ਅਤੇ ਜੈਵ-ਵੱਖਰੇਵਿਆਂ ਨੂੰ ਭੁਗਤਣਾ ਪੈ ਰਿਹਾ ਹੈ। ਰਿਪੋਰਟ ਦੇ ਮੁਤਾਬਕ ਉਨ੍ਹਾਂ ਸੈਰ-ਸਪਾਟਾ ਸਥਾਨਾਂ ਤੋਂ ਸਬਕ ਸਿੱਖਣ ਦੀ ਲੋੜ ਹੈ ਜੋ ਪਹਿਲਾਂ ਹੀ ਵਧਦੇ ਸੈਲਾਨੀਆਂ ਦਾ ਦਬਾਅ ਝੱਲ ਰਹੇ ਹਨ। ਨਾਲ ਹੀ ਰਿਪੋਰਟ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਹਿਮਾਲਿਆ ਦੇ ਸੂਬਿਆਂ ਨੂੰ ਇਕ ਅਜਿਹਾ ਤੰਤਰ ਵਿਕਸਿਤ ਕਰਨ ਦੀ ਲੋੜ ਹੈ ਜਿਸ ਵਿਚ ਸੈਰ-ਸਪਾਟਾ ਦੇ ਵਿਕਾਸ ਦੇ ਨਾਲ-ਨਾਲ ਇਕੋਸਿਸਟਮ ਅਤੇ ਜੈਵ ਵੱਖਰੇਵਿਆਂ ’ਤੇ ਪੈਂਦੇ ਅਸਰ ਨੂੰ ਵੀ ਘੱਟ ਤੋਂ ਘੱਟ ਕੀਤਾ ਜਾ ਸਕੇ।

ਲੱਦਾਖ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਤੇ ਜੰਗਲੀ ਜੀਵਾਂ ’ਤੇ ਸੰਕਟ
ਰਿਪੋਰਟ ਵਿਚ ਲੱਦਾਖ ਖੇਤਰ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਇਸ ਖੇਤਰ ਦੇ ਲੋਕ ਪਾਣੀ ਦੀ ਮੰਗ ਲਈ ਜ਼ਿਆਦਾਤਰ ਬਰਫ ਜਾਂ ਬਰਫੀਲੀ ਨਦੀਆਂ ਦੇ ਪਿਘਲਣ ਅਤੇ ਸਿੰਧੂ ਨਦੀ ਦੇ ਪ੍ਰਵਾਹ ’ਤੇ ਨਿਰਭਰ ਹੈ। ਇਸ ਖੇਤਰ ਵਿਚ ਜਿਥੇ ਇਕ ਸਥਾਨਕ ਨਿਵਾਸੀ ਰੋਜ਼ਾਨਾ 75 ਲੀਟਰ ਪਾਣੀ ਦੀ ਵਰਤੋਂ ਕਰਦਾ ਹੈ ਅਤੇ ਉਥੇ ਇਕ ਸੈਲਾਨੀ ਲਈ ਹਰ ਰੋਜ਼ ਲਗਭਗ 100 ਲੀਟਰ ਪਾਣੀ ਦੀ ਲੋੜ ਹੈ। ਅਜਿਹੇ ਵਿਚ ਇਹ ਵਧੀ ਹੋਈ ਮੰਗ ਉਥੇ ਪਾਣੀ ਦੇ ਸੋਮਿਆਂ ’ਤੇ ਭਾਰੀ ਪੈ ਰਹੀ ਹੈ। ਰਿਪੋਰਟ ਵਿਚ ਸਿਫਾਰਿਸ਼ ਕੀਤੀ ਗਈ ਹੈ ਕਿ ਲੱਦਾਖ ਵਿਚ ਸੁਰੱਖਿਅਤ ਖੇਤਰਾਂ ਜਿਵੇਂ ਹੇਸਿਸ ਨੈਸ਼ਨਲ ਪਾਰਕ, ਚਾਂਗਥਾਂਗ ਕੋਲਡ ਡੇਜਰਟ ਸੈਂਕਚੂਅਰੀ ਅਤੇ ਕਾਰਾਕੋਰਮ ਸੈਂਕਚੁਅਰੀ ਵਿਚ ਚੌਕਸੀ ਅਤੇ ਨਿਯਮਤ ਗਸ਼ਤ ਦੀ ਲੋੜ ਹੈ, ਜਿਸ ਨਾਲ ਇਸ ਖੇਤਰ ਵਿਚ ਜੰਗਲੀ ਜੀਵ ਅਤੇ ਸੈਲਾਨੀਆਂ ਵਿਚਾਲੇ ਸੰਘਰਸ਼ ਦੀਆਂ ਘਟਨਾਵਾਂ ਨੂੰ ਟਾਲਿਆ ਜਾ ਸਕੇ। ਇੰਨਾ ਹੀ ਨਹੀਂ ਇਸ ਖੇਤਰ ਵਿਚ ਆਫ ਰੋਡ ਡਰਾਈਵਿੰਗ ਕਾਰਨ ਇਸ ਖੇਤਰ ਵਿਚ ਜੰਗਲਾਤ ਜੀਵਾਂ ਦੀ ਹਿਰਾਇਸ਼ ਨਸ਼ਟ ਹੋ ਰਹੀ ਹੈ ਅਤੇ ਜੈਵ-ਵੱਖਰੇਵਿਆਂ ’ਤੇ ਇਸਦਾ ਅਸਰ ਪੈ ਰਿਹਾ ਹੈ। ਨਾਲ ਹੀ ਵਧਦੇ ਕਬਜ਼ੇ ਵੀ ਨਵੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ।


author

DIsha

Content Editor

Related News