ਹਿਜਾਬ ਇਸਲਾਮੀ ਧਾਰਮਿਕ ਪ੍ਰਥਾ ਦਾ ਜ਼ਰੂਰੀ ਅੰਗ ਨਹੀਂ : ਕਰਨਾਟਕ ਸਰਕਾਰ

Saturday, Feb 19, 2022 - 11:03 AM (IST)

ਹਿਜਾਬ ਇਸਲਾਮੀ ਧਾਰਮਿਕ ਪ੍ਰਥਾ ਦਾ ਜ਼ਰੂਰੀ ਅੰਗ ਨਹੀਂ : ਕਰਨਾਟਕ ਸਰਕਾਰ

ਬੈਂਗਲੁਰੂ– ਕਰਨਾਟਕ ਸਰਕਾਰ ਨੇ ਸ਼ੁੱਕਰਵਾਰ ਸੂਬੇ ਦੀ ਹਾਈ ਕੋਰਟ ਦੇ ਸਾਹਮਣੇ ਕਿਹਾ ਕਿ ਹਿਜਾਬ ਇਸਲਾਮ ਦੀ ਲੋੜੀਂਦੀ ਧਾਰਮਿਕ ਪ੍ਰਥਾ ਨਹੀਂ ਹੈ ਅਤੇ ਇਸ ਦੀ ਵਰਤੋਂ ਰੋਕਣ ’ਤੇ ਭਾਰਤੀ ਸੰਵਿਧਾਨ ਦੇ ਆਰਟੀਕਲ-25 ਦੀ ਉਲੰਘਣਾ ਨਹੀਂ ਹੁੰਦੀ। ਦੱਸਣਯੋਗ ਹੈ ਕਿ ਆਰਟੀਕਲ-25 ਧਾਰਮਿਕ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ।

ਕਰਨਾਟਕ ਦੇ ਐਡਵੋਕੇਟ ਜਨਰਲ ਪ੍ਰਭੂਲਿੰਗ ਨਵਦਗੀ ਨੇ ਮਾਣਯੋਗ ਜੱਜ ਰਿਤੂਰਾਜ ਅਵਸਥੀ, ਜੇ. ਐੱਮ. ਕਾਜ਼ੀ ਅਤੇ ਜਸਟਿਸ ਕ੍ਰਿਸ਼ਨਾ ਐੱਮ. ਦੀਕਸ਼ਿਤ ’ਤੇ ਆਧਾਰਿਤ ਬੈਂਚ ਨੂੰ ਕਿਹਾ ਕਿ ਅਸੀਂ ਇਹ ਰੁਖ਼ ਅਪਣਾਇਆ ਹੈ ਕਿ ਹਿਜਾਬ ਪਹਿਨਣਾ ਇਸਲਾਮ ਦਾ ਜ਼ਰੂਰੀ ਧਾਰਮਿਕ ਅੰਗ ਨਹੀਂ ਹੈ। ਕੁਝ ਮੁਸਲਿਮ ਕੁੜੀਆਂ ਨੇ ਦੋਸ਼ ਲਾਇਆ ਸੀ ਕਿ ਕਰਨਾਟਕ ਸਰਕਾਰ ਵੱਲੋਂ ਹਿਜਾਬ ਜਾਂ ਭਗਵਾ ਸਕਾਰਫ ਪਹਿਨਣ ’ਤੇ ਰੋਕ ਲਾਉਣ ਦੇ 5 ਫਰਵਰੀ ਦੇ ਹੁਕਮ ਨਾਲ ਸੰਵਿਧਾਨ ਦੇ ਆਰਟੀਕਲ-25 ਦੀ ਉਲੰਘਣਾ ਹੁੰਦੀ ਹੈ।

ਐਡਵੋਕੇਟ ਜਨਰਲ ਨੇ ਇਸ ਦੋਸ਼ ਦਾ ਖੰਡਨ ਕੀਤਾ। ਆਰਟੀਕਲ-25 ਭਾਰਤ ਦੇ ਨਾਗਰਿਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ, ਉਸ ਮੁਤਾਬਕ ਚੱਲਣ ਅਤੇ ਪ੍ਰਚਾਰ ਕਰਨ ਦੀ ਆਜ਼ਾਦੀ ਦਿੰਦਾ ਹੈ। ਐਡਵੋਕੇਟ ਜਨਰਲ ਨੇ ਦਲੀਲ ਦਿੱਤੀ ਕਿ ਸਰਕਾਰ ਦੇ ਹੁਕਮ ਨਾਲ ਸੰਵਿਧਾਨ ਦੀ ਧਾਰਾ 19 (1) (ਏ) ਦੀ ਉਲੰਘਣਾ ਨਹੀਂ ਹੁੰਦੀ। ਇਹ ਧਾਰਾ ਭਾਰਤੀ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਅਧਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ 5 ਫਰਵਰੀ ਦਾ ਹੁਕਮ ਕਾਨੂੰਨ ਮੁਤਾਬਕ ਹੈ। ਉਸ ਵਿਚ ਇਤਰਾਜ਼ ਕਰਨ ਵਾਲੀ ਕੋਈ ਗੱਲ ਨਹੀਂ।

ਹਿਜਾਬ ਪਹਿਨ ਕੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਵਿਦਿਆਰਥਣਾਂ ਵਿਰੁੱਧ ਮਾਮਲਾ ਦਰਜ
ਕਰਨਾਟਕ ਪੁਲਸ ਨੇ ਤੁਮਕੁਰ ਜ਼ਿਲੇ ਦੀਆਂ ਕੁਝ ਵਿਦਿਆਰਥਣਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ। ਦੋਸ਼ ਹੈ ਕਿ ਜ਼ਿਲੇ ਵਿਚ 15 ਤੋਂ 20 ਵਿਦਿਆਰਥਣਾਂ ਨੇ ਹਿਜਾਬ ਪਹਿਨ ਕੇ ਪਿਛਲੇ 2 ਦਿਨਾਂ ਵਿਚ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਪਿੱਛੋਂ ਸ਼ਹਿਰ ਦੀ ਪੁਲਸ ਨੇ ਉਨ੍ਹਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਲਈ। ਵਿਦਿਆਰਥਣਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਿਜਾਬ ਪਹਿਨ ਕੇ ਵਿਦਿਅਕ ਅਦਾਰਿਆਂ ਵਿਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏ। ਐੱਫ. ਆਈ. ਆਰ. ਵਿਚ ਕਿਸੇ ਦਾ ਨਾਂ ਨਹੀਂ ਦੱਸਿਆ ਗਿਆ।

ਸੁਪਰ ਮਾਡਲ ਬੇਲਾ ਨੇ ਭਾਰਤ ਦੀ ਕੀਤੀ ਨਿੰਦਾ
ਨਵੀਂ ਦਿੱਲੀ : ਬਾਲੀਵੁੱਡ ਦੀ ਅਭਿਨੇਤਰੀ ਸੋਨਮ ਕਪੂਰ ਅਤੇ ਕਈ ਹੋਰਨਾਂ ਹਸਤੀਆਂ ਵੱਲੋਂ ਹਿਜਾਬ ਦੀ ਹਮਾਇਤ ਕਰਨ ਪਿੱਛੋਂ ਅਮਰੀਕੀ ਸੁਪਰ ਮਾਡਲ ਬੇਲਾ ਹਦੀਦ ਨੇ ਜਨਤਕ ਥਾਵਾਂ ’ਤੇ ਹਿਜਾਬ ’ਤੇ ਪਾਬੰਦੀ ਨੂੰ ਲੈ ਕੇ ਭਾਰਤ ਅਤੇ ਕਈ ਹੋਰ ਦੇਸ਼ਾਂ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ। ਬੇਲਾ ਨੇ ਕਰਨਾਟਕ ਦੇ ਵਿਦਿਅਕ ਅਦਾਰਿਆਂ ਵਿਚ ਹਿਜਾਬ ’ਤੇ ਪਾਬੰਦੀ ਲਾਉਣ ਦਾ ਜ਼ਿਕਰ ਕਰਦਿਆਂ ਇਸ ਨੂੰ ਮੁਸਲਿਮ ਔਰਤਾਂ ਵਿਰੁੱਧ ਵਿਤਕਰਾ ਕਰਾਰ ਦਿੱਤਾ। ਬੇਲਾ ਨੇ ਕਈ ਦੇਸ਼ਾਂ ਵਿਚ ਜਨਤਕ ਥਾਵਾਂ ’ਤੇ ਪਾਬੰਦੀ ਵਿਰੁੱਧ ਪ੍ਰਮੁੱਖ ਕੌਮਾਂਤਰੀ ਅਖਬਾਰਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ।


author

Rakesh

Content Editor

Related News