ਲਾਭ ਅਹੁਦਾ ਮਾਮਲਾ: 'ਆਪ' ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਹਾਈ ਕੋਰਟ 'ਚ ਦਿੱਤੀ ਚੁਣੌਤੀ

01/19/2018 5:23:35 PM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦਿੱਲੀ 'ਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਐਲਾਨ ਕਰਾਰ ਦਿੱਤਾ ਹੈ। ਇਸ ਨੂੰ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਲਈ ਭਾਰੀ ਝਟਕਾ ਮੰਨਿਆ ਜਾ ਰਿਹਾ ਹੈ। ਕਮਿਸ਼ਨ ਨੇ ਵਿਧਾਇਕਾਂ ਦੀ ਮੈਂਬਰਤਾ ਖਤਮ ਕਰਨ ਦੀ ਸਿਫਾਰਿਸ਼ ਰਾਸ਼ਟਰਪਤੀ ਨੂੰ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਦਿੱਲੀ ਦੀਆਂ 20 ਸੀਟਾਂ 'ਤੇ ਉਪ ਚੋਣਾਂ ਦੀ ਨੌਬਤ ਆ ਗਈ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੀ ਇਸ 'ਤੇ ਪਹਿਲੀ ਪ੍ਰਤੀਕਿਰਿਆ ਆਈ ਹੈ। 
ਆਮ ਆਦਮੀ ਪਾਰਟੀ ਨੇ ਕਮਿਸ਼ਨ ਦੇ ਇਸ ਫੈਸਲੇ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। 'ਆਪ' ਨੇ ਕਮਿਸ਼ਨ ਦੇ ਖਿਲਾਫ ਕੋਰਟ 'ਚ ਅਰਜ਼ੀ ਦਾਖਲ ਕਰ ਦਿੱਤੀ ਹੈ। ਆਪਣੀ ਅਰਜ਼ੀ 'ਚ 'ਆਪ' ਨੇ ਕਿਹਾ ਕਿ ਕਮਿਸ਼ਨ ਨੇ ਉਨ੍ਹਾਂ ਦੀ ਪਾਰਟੀ ਦਾ ਪੱਖ ਨਹੀਂ ਸੁਣਿਆ। 'ਆਪ' ਨੇਤਾ ਸੌਰਭ ਭਾਰਦਵਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸਭ ਉਨ੍ਹਾਂ ਦੇ ਇਸ਼ਾਰੇ 'ਤੇ ਹੋਇਆ ਹੈ। ਸੌਰਭ ਨੇ ਕਿਹਾ ਕਿ ਜਿਸ ਅਧਿਕਾਰੀ ਨੇ ਇਹ ਫੈਸਲਾ ਸੁਣਾਇਆ ਉਹ ਮੋਦੀ ਦੇ ਖਾਸ ਹਨ। ਚੋਣ ਕਮਿਸ਼ਨਰ ਜੋਤੀ 'ਤੇ ਦੋਸ਼ ਲਗਾਉਂਦੇ ਹੋਏ 'ਆਪ' ਨੇਤਾ ਨੇ ਕਿਹਾ ਕਿ ਮੋਦੀ ਦਾ ਕਰਜ਼ ਚੁਕਾਉਣਾ ਚਾਹੁੰਦੇ ਸਨ।
ਪਾਰਟੀ ਨੇਤਾ ਆਸ਼ੂਤੋਸ਼ ਨੇ ਟਵੀਟ ਕੀਤਾ,''ਚੋਣ ਕਮਿਸ਼ਨ ਨੂੰ ਪੀ.ਐੱਮ.ਓ. ਦਾ ਲੇਟਰ ਬਾਕਸ ਨਹੀਂ ਬਣਨਾ ਚਾਹੀਦਾ ਪਰ ਅੱਜ ਦੇ ਸਮੇਂ 'ਚ ਇਹ ਅਸਲੀਅਤ ਹੈ।'' ਪੱਤਰਕਾਰੀ ਛੱਡ ਰਾਜਨੀਤੀ 'ਚ ਉਤਰਨ ਵਾਲੇ ਆਸ਼ੂਤੋਸ਼ ਨੇ ਕਿਹਾ,''(ਟੀ.ਐੱਨ. ਸ਼ੇਸ਼ਨ) ਦੇ ਸਮੇਂ 'ਚ ਰਿਪੋਰਟਰ ਦੇ ਤੌਰ 'ਤੇ ਚੋਣ ਕਮਿਸ਼ਨ ਕਵਰ ਕਰਨ ਵਾਲਾ ਮੇਰੇ ਵਰਗਾ ਵਿਅਕਤੀ ਕਹਿ ਸਕਦਾ ਹੈ ਕਿ ਚੋਣ ਕਮਿਸ਼ਨ ਕਦੇ ਇੰਨਾ ਨੀਚੇ ਨਹੀਂ ਡਿੱਗਿਆ।''


Related News