ਹਾਈ ਕੋਰਟ ਨੇ ਦਿੱਤੀ ਬੀਮਾਰ ਵਿਅਕਤੀ ਦੇ ਸਪਰਮ ਕੱਢਣ ਦੀ ਇਜਾਜ਼ਤ

Thursday, Aug 22, 2024 - 12:11 AM (IST)

ਕੋਚੀ, (ਭਾਸ਼ਾ)- ਹਾਈ ਕੋਰਟ ਨੇ ਗੰਭੀਰ ਰੂਪ ਨਾਲ ਬੀਮਾਰ ਵਿਅਕਤੀ ਦੇ ਸਪਰਮ (ਸ਼ੁਕਰਾਣੂ) ਨੂੰ ਕ੍ਰਾਇਓਪ੍ਰੀਜ਼ਰਵ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉਸ ਦੀ 34 ਸਾਲਾ ਪਤਨੀ ਨੇ ਇਸ ਲਈ ਅਦਾਲਤ ਵਿਚ ਪਟੀਸ਼ਨ ਪਾਈ ਸੀ, ਤਾਂ ਜੋ ਉਹ ਅਸਿਸਟੇਡ ਰੀਪ੍ਰੋਡਕਟਿਵ ਟੈਕਨਾਲੋਜੀ ਦੀ ਮਦਦ ਨਾਲ ਮਾਂ ਬਣ ਸਕੇ। ਜੋੜੇ ਦੇ ਕੋਈ ਔਲਾਦ ਨਹੀਂ ਹੈ। ਉਹ ਪਤੀ ਦੀ ਮੌਤ ਤੋਂ ਬਾਅਦ ਮਾਂ ਦੀ ਇੱਛਾ ਰੱਖਦੀ ਹੈ।

ਪਟੀਸ਼ਨਰ ਦੀ ਦਲੀਲ ਸੀ ਕਿ ਬੀਮਾਰ ਵਿਅਕਤੀ ਸਹਿਮਤੀ ਦੇਣ ਦੀ ਸਥਿਤੀ ਵਿਚ ਨਹੀਂ ਹੈ। ਇਸ ਤੋਂ ਇਲਾਵਾ ਉਸ ਦੀ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਇਸ ’ਤੇ ਅਦਾਲਤ ਨੇ 16 ਅਗਸਤ ਨੂੰ ਬੀਮਾਰ ਵਿਅਕਤੀ ਦੀ ਲਿਖਤ ਮਨਜ਼ੂਰੀ ਤੋਂ ਬਿਨਾਂ ਉਸਦਾ ਸਪਰਮ ਕੱਢਣ ਦੀ ਇਜਾਜ਼ਤ ਦੇ ਦਿੱਤੀ।

ਦਰਅਸਲ, ਅਸਿਸਟੇਡ ਰੀਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ ਦੇ ਸੈਕਸ਼ਨ 22 ਵਿਚ ਇਕ ਵਿਵਸਥਾ ਹੈ ਕਿ ਅਸਿਸਟੇਡ ਰੀਪ੍ਰੋਡਕਟਿਵ ਟੈਕਨਾਲੋਜੀ ਨਾਲ ਇਲਾਜ ਲਈ ਸਾਰੀਆਂ ਧਿਰਾਂ ਦੀ ਲਿਖਤੀ ਮਨਜ਼ੂਰੀ ਜ਼ਰੂਰੀ ਹੈ। ਸਾਰੀਆਂ ਧਿਰਾਂ ਤੋਂ ਮਤਲਬ ਪਤੀ-ਪਤਨੀ ਨਾਲ ਹੈ। ਇਸ ਤੋਂ ਇਲਾਵਾ ਸ਼ੁਕਰਾਣੂ ਜਾਂ ਐੱਗ ਡੋਨੇਟ ਕਰਦੇ ਸਮੇਂ ਲਿਖਤੀ ਸਹਿਮਤੀ ਵੀ ਦੇਣੀ ਹੁੰਦੀ ਹੈ।

ਔਰਤ ਦੇ ਵਕੀਲ ਨੇ ਅਦਾਲਤ ’ਚ ਦੱਸਿਆ ਕਿ ਔਰਤ ਦੇ ਪਤੀ ਦੀ ਹਾਲਤ ਅਜਿਹੀ ਨਹੀਂ ਹੈ ਕਿ ਉਸ ਦੀ ਲਿਖਤੀ ਸਹਿਮਤੀ ਲਈ ਜਾ ਸਕੇ। ਜੇਕਰ ਮਾਮਲਾ ਹੋਰ ਅੱਗੇ ਵਧਿਆ ਤਾਂ ਕਿਸੇ ਵੇਲੇ ਵੀ ਕੁਝ ਮਾੜਾ ਵਾਪਰ ਸਕਦਾ ਹੈ। ਇਸ ’ਤੇ ਜਸਟਿਸ ਵੀ. ਜੀ. ਅਰੁਣ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਸਥਿਤੀ ਅਤੇ ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਅਜਿਹੀ ਸਥਿਤੀ ਲਈ ਕੋਈ ਸਪੱਸ਼ਟ ਕਾਨੂੰਨੀ ਵਿਵਸਥਾ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਪਟੀਸ਼ਨਰ (ਪਤਨੀ) ਅੰਤ੍ਰਿਮ ਰਾਹਤ ਦੀ ਹੱਕਦਾਰ ਹੈ।


Rakesh

Content Editor

Related News