ਦਿੱਲੀ ਹਾਈ ਕੋਰਟ ਨੇ ਸੁਨੰਦਾ ਪੁਸ਼ਕਰ ਮੌਤ ਮਾਮਲੇ ''ਚ ਸਵਾਮੀ ਦੀ ਪਟੀਸ਼ਨ ਖਾਰਜ ਕੀਤੀ

Thursday, Oct 26, 2017 - 04:56 PM (IST)

ਦਿੱਲੀ ਹਾਈ ਕੋਰਟ ਨੇ ਸੁਨੰਦਾ ਪੁਸ਼ਕਰ ਮੌਤ ਮਾਮਲੇ ''ਚ ਸਵਾਮੀ ਦੀ ਪਟੀਸ਼ਨ ਖਾਰਜ ਕੀਤੀ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ 'ਚ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੀ ਅਦਾਲਤ ਦੀ ਨਿਗਰਾਨੀ 'ਚ ਐੱਨ.ਆਈ.ਟੀ. ਜਾਂਚ ਦੀ ਮੰਗ ਕੀਤੀ ਗਈ ਸੀ। ਨਾਲ ਹੀ ਅਦਾਲਤ ਨੇ ਉਨ੍ਹਾਂ ਦੀ ਜਨਹਿੱਤ ਪਟੀਸ਼ਨ ਨੂੰ 'ਸਿਆਸੀ ਹਿੱਤ ਪਟੀਸ਼ਨ ਦਾ ਇਕ ਸਪੱਸ਼ਟ ਉਦਾਹਰਣ ਕਰਾਰ ਦਿੱਤਾ।'' ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਆਈ.ਐੱਸ. ਮੇਹਤਾ ਦੀ ਬੈਂਚ ਨੇ ਕਿਹਾ ਕਿ ਸਵਾਮੀ ਦੀ ਪਟੀਸ਼ਨ 'ਤੇ ਜਨਹਿੱਤ ਪਟੀਸ਼ਨ ਦੇ ਤੌਰ 'ਤੇ ਸੁਣਵਾਈ ਨਹੀਂ ਹੋ ਸਕਦੀ। ਬੈਂਚ ਨੇ ਇਹ ਵੀ ਕਿਹਾ ਕਿ ਅਦਾਲਤ ਦੇ ਸਾਹਮਣੇ ਜੋ ਵੀ ਤੱਤ ਰੱਖੇ ਗਏ, ਉਸ ਦੇ ਆਧਾਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਵਿਸ਼ੇਸ਼ ਜਾਂਚ ਦਲ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਕਿਸੇ ਵੀ ਪੱਖ ਵੱਲੋਂ ਪ੍ਰਭਾਵਿਤ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਉਸ ਦਾ ਇਹ ਵੀ ਮੰਨਣਾ ਹੈ ਕਿ ਸਵਾਮੀ ਨੇ ਉਹ ਜਾਣਕਾਰੀ ਲੁਕਾਈ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਥਰੂਰ ਅਤੇ ਦਿੱਲੀ ਪੁਲਸ ਦੇ ਖਿਲਾਫ ਦੋਸ਼ ਲਾਏ ਸਨ, ਕਿਉਂਕਿ ਉਨ੍ਹਾਂ ਨੇ ਅੱਜ ਆਪਣੇ ਉਸ ਸਰੋਤ ਜਾਂ ਕਾਰਨ ਦਾ ਖੁਲਾਸਾ ਕਰਨ ਵਾਲਾ ਹਲਫਨਾਮਾ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਦੋਸ਼ ਲਾਏ ਸਨ। ਅਦਾਲਤ ਨੇ ਕਿਹਾ,''ਸੁਬਰਾਮਣੀਅਮ ਸਵਾਮੀ ਤੋਂ ਜਦੋਂ ਇਹ ਸਪੱਸ਼ਟ ਰੂਪ ਨਾਲ ਪੁੱਛਿਆ ਗਿਆ ਕਿ ਉਨ੍ਹਾਂ ਨੇ ਪਟੀਸ਼ਨ 'ਚ ਕਿਸ ਆਧਾਰ 'ਤੇ ਦੋਸ਼ ਲਾਏ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੋਈ ਡੇਟਾ ਜਾਂ ਜਾਣਕਾਰੀ ਨਹੀਂ ਲੁਕਾਈ। ਹਾਲਾਂਕਿ ਹਲਫਨਾਮਾ ਦਾਇਰ ਕਰਨ ਲਈ ਸਮਾਂ ਮੰਗਣ ਵਾਲੇ ਉਨ੍ਹਾਂ ਦੇ ਜਵਾਬ ਤੋਂ ਇਹ ਸਪੱਸ਼ਟ ਦਿੱਸਦਾ ਹੈ ਕਿ ਉਹ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਦਾ ਪਹਿਲੀ ਵਾਰ 'ਚ ਖੁਲਾਸਾ ਕਰਨਾ ਚਾਹੀਦਾ ਸੀ।''
ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅਦਾਲਤਾਂ ਨੂੰ ਇਸ ਮਾਮਲੇ 'ਚ ਸਾਵਧਾਨੀ ਵਰਤਣ ਦੀ ਲੋੜ ਹੈ ਕਿ ਸਿਆਸੀ ਵਿਅਕਤੀ ਆਪਣੇ ਹਿੱਤਾਂ ਲਈ ਨਿਆਇਕ ਪ੍ਰਕਿਰਿਆ ਦੀ ਵਰਤੋਂ ਨਾ ਕਰੇ। ਬੈਂਚ ਨੇ ਕਿਹਾ,''ਇਸ ਦਾ ਮਤਲਬ ਇਹ ਨਹੀਂ ਹੈ ਕਿ ਸਿਆਸੀ ਵਿਅਕਤੀ ਜਨਹਿੱਤ ਪਟੀਸ਼ਨ ਦਾਇਰ ਨਹੀਂ ਕਰ ਸਕਦੇ ਪਰ ਅਦਾਲਤਾਂ ਨੂੰ ਉਦੋਂ ਸਾਵਧਾਨੀ ਵਰਤਣੀ ਚਾਹੀਦੀ ਹੈ, ਜਦੋਂ ਹੋਰ ਸਿਆਸੀ ਵਿਅਕਤੀਆਂ ਦੇ ਖਿਲਾਫ ਦੋਸ਼ ਲਾਏ ਜਾਂਦੇ ਹਨ।'' ਅਦਾਲਤ ਨੇ ਕਿਹਾ ਕਿ ਸਵਾਮੀ ਦੀ ਪਟੀਸ਼ਨ 'ਤੇ ਜਨਹਿੱਤ ਪਟੀਸ਼ਨ ਦੇ ਤੌਰ 'ਤੇ ਸੁਣਵਾਈ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਜਿਹਾ ਲੱਗਦਾ ਹੈ ਇਹ ਜਨਹਿੱਤ ਪਟੀਸ਼ਨ ਦੇ ਭੇਸ 'ਚ ਸਿਆਸੀ ਹਿੱਤ ਪਟੀਸ਼ਨ ਦਾ ਇਕ ਸਪੱਸ਼ਟ ਉਦਾਹਰਣ ਹੈ।'' ਸੁਣਵਾਈ ਦੌਰਾਨ ਕੇਂਦਰ ਅਤੇ ਦਿੱਲੀ ਪੁਲਸ ਵੱਲੋਂ ਪੇਸ਼ ਹੋਏ ਸਾਲਿਸੀਟਰ ਜਨਰਲ ਸੰਜੇ ਜੈਨ ਨੇ ਕਿਹਾ ਕਿ ਉਹ ਸਵਾਮੀ ਦੇ ਇਸ ਵਿਚਾਰ ਤੋਂ ਇਤੇਫਾਕ ਨਹੀਂ ਰੱਖਦੇ ਕਿ ਇਸ ਮਾਮਲੇ 'ਚ ਜਾਂਚ ਨੂੰ ਕਾਂਗਰਸ ਨੇਤਾ ਲਗਾਤਾਰ ਪ੍ਰਭਾਵਿਤ ਕਰ ਰਹੇ ਹਨ। ਸੁਨੰਦਾ 17 ਜਨਵਰੀ 2014 ਦੀ ਰਾਤ ਨੂੰ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ਦੇ ਕਮਰੇ 'ਚ ਰਹੱਸਮਈ ਹਾਲਾਤਾਂ 'ਚ ਮ੍ਰਿਤ ਪਾਈ ਗਈ ਸੀ।


Related News