ਮਮਤਾ ਨੂੰ ਹਾਈ ਕੋਰਟ ਦਾ ਝਟਕਾ, CBI ਕਰੇਗੀ ED ਅਧਿਕਾਰੀਆਂ ’ਤੇ ਹੋਏ ਹਮਲੇ ਦੀ ਜਾਂਚ
Tuesday, Mar 05, 2024 - 06:43 PM (IST)
ਕੋਲਕਾਤਾ, (ਭਾਸ਼ਾ)- ਕਲਕੱਤਾ ਹਾਈ ਕੋਰਟ ਨੇ ਮਮਤਾ ਸਰਕਾਰ ਨੂੰ ਝਟਕਾ ਦਿੰਦੇ ਹੋਏ 5 ਜਨਵਰੀ ਨੂੰ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਉੱਤੇ ਹੋਏ ਹਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪਣ ਦਾ ਮੰਗਲਵਾਰ ਨੂੰ ਹੁਕਮ ਦਿੱਤਾ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਹਮਲੇ ਦੇ ਸਬੰਧ ਵਿਚ ਪੱਛਮੀ ਬੰਗਾਲ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਆਗੂ ਸ਼ਾਹਜਹਾਂ ਸ਼ੇਖ ਦੀ ਹਿਰਾਸਤ ਕੇਂਦਰੀ ਏਜੰਸੀ ਨੂੰ ਸੌਂਪੀ ਜਾਵੇ।
ਈ. ਡੀ. ਅਤੇ ਰਾਜ ਸਰਕਾਰ ਦੋਵਾਂ ਨੇ ਸਿੰਗਲ ਬੈਂਚ ਦੇ 17 ਜਨਵਰੀ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਵੱਖ-ਵੱਖ ਅਪੀਲਾਂ ਦਾਇਰ ਕੀਤੀਆਂ ਸਨ, ਜਿਸ ਵਿਚ ਈ. ਡੀ. ਅਧਿਕਾਰੀਆਂ ’ਤੇ ਹਿੰਸਕ ਭੀੜ ਦੇ ਹਮਲੇ ਦੀ ਜਾਂਚ ਲਈ ਸੀ. ਬੀ. ਆਈ. ਅਤੇ ਰਾਜ ਪੁਲਸ ਦੀ ਇਕ ਸਾਂਝੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਗਠਨ ਦਾ ਹੁਕਮ ਦਿੱਤਾ ਗਿਆ ਸੀ। ਹਾਲਾਂਕਿ ਈ. ਡੀ. ਚਾਹੁੰਦਾ ਸੀ ਕਿ ਜਾਂਚ ਸਿਰਫ਼ ਸੀ. ਬੀ. ਆਈ. ਨੂੰ ਸੌਂਪੀ ਜਾਵੇ, ਪਰ ਪੱਛਮੀ ਬੰਗਾਲ ਸਰਕਾਰ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਇਸ ਮਾਮਲੇ ਦੀ ਜਾਂਚ ਸਿਰਫ ਸੂਬਾ ਪੁਲਸ ਨੂੰ ਦਿੱਤੀ ਜਾਵੇ।