ਗੁਜਰਾਤ ਦੀ ਬੰਦਰਗਾਹ ਦੇ ਨੇੜਿਓਂ 1439 ਕਰੋੜ ਦੀ ਹੈਰੋਇਨ ਬਰਾਮਦ, ਮਾਮਲੇ ''ਚ ਪੰਜਾਬ ਤੋਂ ਗ੍ਰਿਫ਼ਤਾਰ ਹੋਇਆ ਇਕ ਸ਼ਖ਼ਸ

Monday, Apr 25, 2022 - 05:50 PM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਕਾਂਡਲਾ ਬੰਦਰਗਾਹ ਨੇੜੇ ਮਾਲੀਆ ਖੁਫ਼ੀਆ ਡਾਇਰੈਕਟੋਰੇਟ ਨੇ ਕੰਟੇਨਰ 'ਲੁਕਾ ਕੇ ਰੱਖੀ ਗਈ 205.6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਮੁੱਲ 1439 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਡਾਇਰੈਕਟੋਰੇਟ ਨੇ ਸੋਮਵਾਰ ਨੂੰ ਦੱਸਿਆ ਕਿ ਵਿਆਪਕ ਤਲਾਸ਼ੀ ਮੁਹਿੰਮ ਤੋਂ ਬਾਅਦ ਇਸ ਸਿਲਸਿਲੇ 'ਚ ਪੰਜਾਬ ਤੋਂ ਇਕ ਆਯਾਤਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਪਿਛਲੇ ਸਾਲ ਸਤੰਬਰ ਅਤੇ ਅਕਤੂਬਰ ਦਰਮਿਆਨ ਈਰਾਨ ਤੋਂ ਇੱਥੇ ਆਏ 17 ਡੱਬਿਆਂ 'ਚੋਂ ਇਕ 'ਚ ਹੈਰੋਇਨ ਦੀ ਖੇਪ ਮਿਲੀ ਸੀ। ਇਸ ਤੋਂ ਪਹਿਲਾਂ 21 ਅਪ੍ਰੈਲ ਨੂੰ, ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਘੋਸ਼ਣਾ ਕੀਤੀ ਸੀ ਕਿ ਦਸਤੇ ਨੇ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਨਾਲ ਇਕ ਸਾਂਝੀ ਮੁਹਿੰਮ 'ਚ ਕੱਛ ਜ਼ਿਲ੍ਹੇ ਦੇ ਕਾਂਡਲਾ ਬੰਦਰਗਾਹ 'ਤੇ ਇਕ ਕੰਟੇਨਰ 'ਤੇ ਛਾਪੇਮਾਰੀ ਕਰ ਕੇ 200 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਜਿਸ ਦੀ ਕੀਮਤ 1300 ਕਰੋੜ ਰੁਪਏ ਦੱਸੀ ਗਈ ਸੀ। ਡੀ.ਆਰ.ਆਈ. ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਡੀ.ਆਰ.ਆਈ. ਨੇ ਗੁਜਰਾਤ ਏ.ਟੀ.ਐੱਸ. ਦੇ ਸਹਿਯੋਗ ਨਾਲ ਕਾਂਡਲਾ ਬੰਦਰਗਾਹ 'ਤੇ ਉੱਤਰਾਖੰਡ ਦੀ ਇਕ ਕੰਪਨੀ ਦੁਆਰਾ ਦਰਾਮਦ ਕੀਤੀ ਗਈ ਖੇਪ ਦੀ ਜਾਂਚ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਖੇਪ ਈਰਾਨ ਦੇ ਬੰਦਰ ਅੱਬਾਸ ਬੰਦਰਗਾਹ ਤੋਂ ਕਾਂਡਲਾ ਬੰਦਰਗਾਹ 'ਤੇ ਪਹੁੰਚੀ। ਇਸ ਖੇਪ 'ਚ 17 ਕੰਟੇਨਰਾਂ ਨੂੰ ਆਯਾਤ ਕੀਤਾ ਗਿਆ ਸੀ ਜਿਸ ਵਿਚ 394 ਮੀਟ੍ਰਿਕ ਟਨ ਵਜ਼ਨ ਦੇ 10,318 ਬੈਗ ਸਨ ਅਤੇ ਜਿਨ੍ਹਾਂ ਦਾ ਕੁੱਲ ਭਾਰ 394 ਮੀਟ੍ਰਿਕ ਟਨ ਸੀ ਅਤੇ ਕਿਹਾ ਗਿਆ ਸੀ ਇਸ 'ਚ 'ਜਿਪਸਮ ਪਾਊਡਰ' ਹੈ। ਡੀ.ਆਰ.ਆਈ. ਨੇ ਦੱਸਿਆ,''ਹੁਣ ਤੱਕ 205.6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਗੈਰ ਕਾਨੂੰਨੀ ਬਜ਼ਾਰ 'ਚ ਇਸ ਦੀ ਕੀਮਤ 1,439 ਕਰੋੜ ਰੁਪਏ ਦੱਸੀ ਗਈ ਹੈ। ਇਸ ਖੇਪ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।''

ਇਹ ਵੀ ਪੜ੍ਹੋ : ਗੁਜਰਾਤ ਤੱਟ ਨੇੜੇ 9 ਲੋਕਾਂ ਨਾਲ ਪਾਕਿਸਤਾਨੀ ਕਿਸ਼ਤੀ ਫੜੀ, 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ

ਦਰਾਮਦਕਾਰ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ, ਡੀ.ਆਰ.ਆਈ. ਨੇ ਕਿਹਾ,"ਆਯਾਤ ਕਰਨ ਵਾਲਾ ਉੱਤਰਾਖੰਡ ਵਿਚ ਆਪਣੇ ਪਤੇ 'ਤੇ ਨਹੀਂ ਮਿਲਿਆ। ਇਸ ਤੋਂ ਬਾਅਦ ਪੂਰੇ ਦੇਸ਼ ਵਿਚ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਉਸਨੂੰ ਫੜਿਆ ਜਾ ਸਕੇ। ਡੀ.ਆਰ.ਆਈ. ਨੇ ਦੇਸ਼ ਭਰ 'ਚ ਕਈ ਥਾਂਵਾਂ 'ਤੇ ਉਸ ਦਾ ਪਤਾ ਲਗਾਉਣ ਲਈ ਛਾਪੇਮਾਰੀ ਕੀਤੀ। ਏਜੰਸੀ ਨੇ ਦੱਸਿਆ ਕਿ ਦੋਸ਼ੀ ਆਪਣਾ ਟਿਕਾਣਾ ਲਗਾਤਾਰ ਬਦਲ ਰਿਹਾ ਸੀ। ਡੀ.ਆਰ.ਆਈ. ਨੇ ਦੱਸਿਆ ਕਿ ਉਸ ਨੂੰ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਤੋਂ ਨਸ਼ੀਲੇ ਪਦਾਰਥ ਰੋਕੂ ਕਾਨੂੰਨ ਦੇ ਅਧੀਨ ਫੜਿਆ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਆਯਾਤ ਕਰਨ ਵਾਲੇ ਨੇ ਵਿਰੋਧ ਕੀਤਾ ਅਤੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ। ਡੀ.ਆਰ.ਆਈ. ਨੇ ਐਤਵਾਰ ਨੂੰ ਅੰਮ੍ਰਿਤਸਰ ਦੀ ਇਕ ਵਿਸ਼ੇਸ਼ ਅਦਾਲਤ ਤੋਂ ਉਸ ਨੂੰ ਪੇਸ਼ ਕਰ ਕੇ ਉਸ ਦੀ ਟਰਾਂਜਿਟ ਰਿਮਾਂਡ ਹਾਸਲ ਕੀਤੀ ਅਤੇ ਉਸ ਨੂੰ ਸੋਮਵਾਰ ਨੂੰ ਕੱਛ ਦੇ ਭੁਜ ਸਹਿਰ 'ਚ ਇਕ ਨਿਆਇਕ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਸੰਬੰਧ 'ਚ ਗੁਜਰਾਤ ਦੇ ਪੁਲਸ ਡਾਇਰੈਕਟਰ ਜਨਰਲ ਆਸ਼ੀਸ਼ ਭਾਟੀਆ ਨੇ ਦੱਸਿਆ ਕਿ 17 ਕੰਟੇਨਰ ਪਿਛਲੇ ਸਾਲ ਸਤੰਬਰ ਤੋਂ ਅਕਤੂਬਰ ਦਰਮਿਆਨ ਈਰਾਨ ਤੋਂ ਕਾਂਡਲਾ ਬੰਦਰਗਾਹ 'ਤੇ ਪਹੁੰਚੇ ਸਨ ਅਤੇ ਉਦੋਂ ਤੋਂ ਹੀ ਜਾਂਚ ਕੀਤੀ ਜਾ ਰਹੀ ਸੀ। ਭਾਟੀਆ ਨੇ ਇੱਥੇ ਏ.ਟੀ.ਐੱਸ ਹੈੱਡਕੁਆਰਟਰ ਵਿਚ ਕਿਹਾ,''ਹਾਲਾਂਕਿ ਕੰਟੇਨਰਾਂ ਦੀ ਤਲਾਸ਼ੀ ਲਈ ਗਈ ਸੀ ਪਰ ਅਧਿਕਾਰੀਆਂ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਬਾਅਦ ਵਿਚ ਏ.ਟੀ.ਐੱਸ. ਨੂੰ ਸੂਚਨਾ ਮਿਲੀ ਕਿ ਕੰਟੇਨਰ ਵਿਚ ਪਾਬੰਦੀਸ਼ੁਦਾ ਸਮੱਗਰੀ ਹੈ। ਇਸ ਤੋਂ ਬਾਅਦ ਡੀ.ਆਰ.ਆਈ. ਨੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ 205.6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹ ਮਾਮਲਾ ਪਿਛਲੇ ਸਾਲ ਸਤੰਬਰ 'ਚ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਦੋ ਕੰਟੇਨਰਾਂ ਤੋਂ 21,000 ਕਰੋੜ ਰੁਪਏ ਦੀ 2,988 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੇ ਜਾਣ ਤੋਂ ਕੁਝ ਮਹੀਨਿਆਂ ਬਾਅਦ ਆਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News