ਦਿੱਲੀ ''ਚ 120 ਕਰੋੜ ਦੀ ਹੈਰੋਇਨ ਨਾਲ 3 ਤਸਕਰ ਗ੍ਰਿਫਤਾਰ
Sunday, Dec 23, 2018 - 10:31 AM (IST)
ਨਵੀਂ ਦਿੱਲੀ— ਮਿਆਂਮਾਰ ਤੋਂ ਰਾਜਸਥਾਨ ਭੇਜੀ ਜਾ ਰਹੀ ਹੈਰੋਇਨ ਦੀ ਇਕ ਬਹੁਤ ਵੱਡੀ ਖੇਪ ਦਿੱਲੀ 'ਚ ਫੜੀ ਗਈ ਹੈ। ਬਰਾਮਦ ਨਸ਼ੇ ਦੀ ਖੇਪ ਦਾ ਭਾਰ ਕਰੀਬ 30 ਕਿਲੋਗ੍ਰਾਮ ਹੈ, ਇਸ ਦੀ ਇੰਟਰਨੈਸ਼ਨਲ ਮਾਰਕੀਟ 'ਚ ਕੀਮਤ ਲਗਭਗ 120 ਕਰੋੜ ਰੁਪਏ ਹੈ। ਦਿੱਲੀ ਪੁਲਸ ਨੇ ਇਸ ਸਾਲ ਡਰੱਗ ਦੀ ਇਹ ਸਭ ਤੋਂ ਵੱਡੀ ਰਿਕਵਰੀ ਕੀਤੀ ਹੈ। ਇਸ ਨੈੱਟਵਰਕ ਦਾ ਪਰਦਾਫਾਸ਼ ਸਪੈਸ਼ਲ ਸੈੱਲ ਨੇ ਕੀਤਾ ਹੈ। ਇਸ ਸਿਲਸਿਲੇ 'ਚ 3 ਤਸਕਰਾਂ ਨੂੰ ਗ੍ਰਿਫਤਾਰ ਕਰ ਕੇ ਰਿਮਾਂਡ 'ਤੇ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਗ੍ਰਿਫਤ 'ਚ ਆਏ ਤਿੰਨੋਂ ਦੋਸ਼ੀ ਰਾਜਸਥਾਨ ਦੇ ਰਹਿਣ ਵਾਲੇ ਹਨ। ਉਨ੍ਹਾਂ ਤੋਂ ਸ਼ੁਰੂਆਤੀ ਪੁੱਛ-ਗਿੱਛ 'ਚ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ, ਉਸ ਤੋਂ ਇਕ ਵਾਰ ਫਿਰ ਸਾਬਤ ਹੋਇਆ ਹੈ ਕਿ ਰਾਜਧਾਨੀ ਡਰੱਗ ਤਸਕਰੀ ਦੇ ਇੰਟਰਨੈਸ਼ਨਲ ਮਾਫੀਆਵਾਂ ਲਈ ਟਰਾਂਜਿਟ ਪੁਆਇੰਟ ਬਣ ਚੁਕੀ ਹੈ। ਇਹ ਖੇਪ ਮਿਆਂਮਾਰ ਤੋਂ ਮਣੀਪੁਰ ਸਰਹੱਦ ਲਿਆਂਦੀ ਗਈ ਅਤੇ ਉੱਥੋਂ ਰਾਜਸਥਾਨ ਜਾ ਰਹੀ ਸੀ। ਡਰੱਗ ਇਕ ਕਾਰ 'ਚ ਗੁਪਤ ਤਰੀਕੇ ਨਾਲ ਰੱਖੀ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਨੈੱਟਵਰਕ ਨਾਲ ਜੁੜੇ ਹੋਰ ਤਸਕਰਾਂ ਦੀ ਜਾਣਕਾਰੀ ਵੀ ਮਿਲ ਰਹੀ ਹੈ। ਪਤਾ ਲੱਗਾ ਹੈ ਕਿ ਮਿਆਂਮਾਰ ਤੋਂ ਹੋਰੈਇਨ ਲਿਆ ਕੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂ.ਪੀ. ਤੱਕ ਤਸਕਰੀ ਕੀਤੀ ਜਾ ਰਹੀ ਸੀ।
ਸਪੈਸ਼ਲ ਸੈੱਲ ਦੇ ਡੀ.ਸੀ.ਪੀ. ਪ੍ਰਮੋਦ ਕੁਸ਼ਵਾਹ ਨੇ 120 ਕਰੋੜ ਦੀ ਹੈਰੋਇਨ ਨਾਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਤਸਕਰਾਂ ਦੇ ਇਸ ਨੈੱਟਵਰਕ ਬਾਰੇ ਸੈੱਲ ਨੂੰ ਮੁਖਬਿਰ ਤੋਂ ਸੂਚਨਾ ਮਿਲੀ। ਤਸਕਰਾਂ ਦੀ ਪਛਾਣ ਅਬਦੁੱਲ ਰਾਸ਼ਿਦ (26), ਮੁਹੰਮਦ ਨਾਜਿਮ (21) ਅਤੇ ਅਰਬਾਜ਼ ਮੁਹੰਮਦ (21) ਦੇ ਤੌਰ 'ਤੇ ਹੋਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਸ ਵੱਲੋਂ ਇਸ ਸਾਲ ਡਰੱਗ ਦੀ ਸਭ ਤੋਂ ਵੱਡੀ ਰਿਕਵਰੀ ਹੈ। ਇਸ ਦੇ ਨਾਲ ਹੀ 2018 'ਚ ਹੁਣ ਤੱਕ ਕੁੱਲ 198 ਕਿਲੋ ਹੈਰੋਇਨ ਜ਼ਬਤ ਕੀਤੀ ਜਾ ਚੁਕੀ ਹੈ। ਪੁਲਸ ਸੂਤਰਾਂ ਅਨੁਸਾਰ ਮੁੱਖ ਦੋਸ਼ਈ ਅਬਦੁੱਲ ਰਾਸ਼ਿਦ ਕਰੀਬ 5 ਸਾਲਾਂ ਤੋਂ ਇਸ ਧੰਦੇ 'ਚ ਹੈ। ਬਾਕੀ 2-3 ਸਾਲ ਤੋਂ ਤਸਕਰੀ 'ਚ ਸ਼ਾਮਲ ਹਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਰਾਜਸਥਾਨ 'ਚ ਕਿਹੜੇ ਲੋਕਾਂ ਤੱਕ ਹੈਰੋਇਨ ਦੀ ਸਪਲਾਈ ਹੋਣੀ ਸੀ।
