ਕਿਸਾਨਾਂ ’ਤੇ ਟਿੱਪਣੀ ਕਰ ਵਿਵਾਦਾਂ ’ਚ ਘਿਰੀ ਹੇਮਾ ਮਾਲਿਨੀ, ਵਿਰੋਧੀਆਂ ਨੇ ਦਿੱਤਾ ਕਰਾਰਾ ਜਵਾਬ

Thursday, Jan 14, 2021 - 02:12 PM (IST)

ਕਿਸਾਨਾਂ ’ਤੇ ਟਿੱਪਣੀ ਕਰ ਵਿਵਾਦਾਂ ’ਚ ਘਿਰੀ ਹੇਮਾ ਮਾਲਿਨੀ, ਵਿਰੋਧੀਆਂ ਨੇ ਦਿੱਤਾ ਕਰਾਰਾ ਜਵਾਬ

ਮੁੰਬਈ (ਬਿਊਰੋ)– ਕਿਸਾਨ ਅੰਦੋਲਨ ਨੂੰ ਲੈ ਕੇ ਭਾਜਪਾ ਸੰਸਦ ਮੈਂਬਰ ਤੇ ਫ਼ਿਲਮ ਅਦਾਕਾਰਾ ਹੇਮਾ ਮਾਲਿਨੀ ਦੇ ਇਕ ਬਿਆਨ ’ਤੇ ‘ਆਮ ਆਦਮੀ ਪਾਰਟੀ’ ਦੇ ਆਗੂ ਰਾਘਵ ਚੱਢਾ ਨੇ ਟਿੱਪਣੀ ਕੀਤੀ ਹੈ। ਰਾਘਵ ਨੇ ਕਿਹਾ ਹੈ ਕਿ ਹੇਮਾ ਮਾਲਿਨੀ ਜੀ ਕਿਸਾਨੀ ਬਾਰੇ ਕਿੰਨਾ ਕੁ ਜਾਣਦੇ ਹਨ, ਇਹ ਸਾਰਾ ਦੇਸ਼ ਜਾਣਦਾ ਹੈ। ਕਮਾਲ ਹੈ ਕਿ ਉਹ ਸਮਝ ਰਹੇ ਹਨ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਕੀ ਫ਼ਾਇਦਾ ਹੋਵੇਗਾ ਪਰ ਦੇਸ਼ ਦਾ ਇਕ ਵੀ ਕਿਸਾਨ ਨਹੀਂ ਸਮਝ ਰਿਹਾ। ਇਹ ਫ਼ਾਇਦਾ ਦੇਸ਼ ਦੇ ਸਿਰਫ਼ ਦੋ ਜਾਂ ਤਿੰਨ ਉਦਯੋਗਪਤੀਆਂ ਨੂੰ ਹੀ ਹੋਵੇਗਾ।

ਦੱਸਣਯੋਗ ਹੈ ਕਿ ਹੇਮਾ ਮਾਲਿਨੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਸੀ ਕਿ ਇਸ ਪ੍ਰਦਰਸ਼ਨ ’ਚ ਸ਼ਾਮਲ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੈ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਦੀਆਂ ਕਿਹੜੀਆਂ ਵਿਵਸਥਾਵਾਂ ਤੋਂ ਇਤਰਾਜ਼ ਹੈ। ਹੇਮਾ ਮਾਲਿਨੀ ਨੇ ਕਿਹਾ ਸੀ ਕਿ ਕਿਸਾਨ ਇਹ ਵੀ ਨਹੀਂ ਜਾਣਦੇ ਕਿ ਆਖ਼ਿਰ ਕਿਸਾਨ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਦੀ ਸਮੱਸਿਆ ਕੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲੋਕ ਅੰਦੋਲਨ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਲਈ ਕਿਹਾ ਗਿਆ ਹੈ।

ਬੀ. ਜੇ. ਪੀ. ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਵਿਰੋਧੀਆਂ ’ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਉਂਦਿਆਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਤੇ ਖੇਤੀ ਲਈ ਲਾਹੇਵੰਦ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਨਵੇਂ ਖੇਤੀ ਕਾਨੂੰਨਾਂ ’ਚ ਕੋਈ ਕਮੀ ਨਹੀਂ ਪਰ ਵਿਰੋਧੀਆਂ ਦੇ ਬਹਿਕਾਵੇ ’ਚ ਆ ਕੇ ਲੋਕ ਅੰਦੋਲਨ ਕਰ ਰਹੇ ਹਨ।

ਹੇਮਾ ਮਾਲਿਨੀ ਨੇ ਕਿਹਾ, ‘ਅੰਦੋਲਨਕਾਰੀ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ ਤੇ ਖੇਤੀ ਕਾਨੂੰਨਾਂ ’ਚ ਕੀ ਦਿੱਕਤ ਹੈ। ਇਸ ਨਾਲ ਇਹ ਪਤਾ ਲੱਗਦਾ ਹੈ ਕਿ ਉਹ ਇਸ ਲਈ ਅੰਦੋਲਨ ਕਰ ਰਹੇ ਹਨ ਕਿਉਂਕਿ ਕੋਈ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿ ਰਿਹਾ ਹੈ।’

ਹੇਮਾ ਮਾਲਿਨੀ ਦੇ ਪਤੀ ਤੇ ਅਦਾਕਾਰ ਧਰਮਿੰਦਰ ਵਲੋਂ ਕਿਸਾਨ ਅੰਦੋਲਨ ਬਾਰੇ ਟਵੀਟ ਕਰਨ ’ਤੇ ਫਿਰ ਉਸ ਨੂੰ ਡਿਲੀਟ ਕਰਨ ਬਾਰੇ ਵੀ ਕੁਝ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਬੋਲਿਆ ਸੀ। ਇਸ ਬਾਰੇ ਜਵਾਬ ਦਿੰਦਿਆਂ ਧਰਮਿੰਦਰ ਨੇ ਕਿਹਾ ਸੀ ਕਿ ਤੁਹਾਡੇ ਜਿਹੇ ਲੋਕਾਂ ਕਾਰਨ ਹੀ ਮੈਂ ਟਵੀਟ ਡਿਲੀਟ ਕੀਤਾ ਸੀ।

ਉਧਰ ਕੁਮਾਰ ਵਿਸ਼ਵਾਸ ਨੇ ਟਵਿਟਰ ’ਤੇ ਹੇਮਾ ਮਾਲਿਨੀ ਵਲੋਂ ਦਿੱਤੇ ਬਿਆਨ ਨੂੰ ਰੀ-ਟਵੀਟ ਕਰਦਿਆਂ ਵਿਅੰਗ ਕੱਸਿਆ ਹੈ, ‘ਉਨ੍ਹਾਂ ਦੀ ਅਪੀਲ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਕਰੀਏ, ਚਾਕੂ ਦੀ ਪਸਲੀਆਂ ਨੂੰ ਬੇਨਤੀ ਤਾਂ ਵੇਖੋ…।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News