ਭਾਰਤੀ ਫ਼ੌਜ ਦੀ ਕੈਪਟਨ ਸਾਨੀਆ ਦੀ ਟੀਮ ਦੀ ਹਰ ਪਾਸੇ ਹੋ ਰਹੀ ਚਰਚਾ, ਜਾਣੋ ਵਜ੍ਹਾ
Saturday, Feb 05, 2022 - 05:48 PM (IST)
ਜੰਮੂ (ਵਾਰਤਾ)- 'ਬੇਟੀਆਂ ਸਿਰਫ਼ ਘਰੇਲੂ ਔਰਤ' ਬਣ ਸਕਦੀਆਂ ਹਨ' ਦੀ ਧਾਰਨਾ ਤੋੜਨ 'ਤੇ ਜ਼ੋਰ ਦਿੰਦੇ ਹੋਏ ਭਾਰਤੀ ਫ਼ੌਜ ਦੀ ਕੈਪਟਨ ਸਾਨੀਆ ਦਾ ਮੰਨਣਾ ਹੈ ਕਿ ਮਾਤਾ-ਪਿਤਾ ਨੂੰ ਆਪਣੀਆਂ ਧੀਆਂ ਨੂੰ ਸੁਫ਼ਨਿਆਂ ਦੀ ਉਡਾਣ ਭਰਨ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਜ਼ਾਦ ਜੀਵਨ ਜੀ ਸਕਣ। ਕੈਪਟਨ ਸਾਨੀਆ ਦੀ ਅਗਵਾਈ 'ਚ ਉਨ੍ਹਾਂ ਦੀਆਂ ਮਹਿਲਾ ਜਵਾਨਾਂ ਦੀ ਟੀਮ ਨੇ ਅਰੁਣਾਚਲ ਪ੍ਰਦੇਸ਼ ਦੇ 60 ਫੁਟ ਦੇ ਬੇਲੀ ਪੁਲ ਦੀ ਮੁਰੰਮਤ ਕਰ ਕੇ ਉਸ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਇੰਜੀਨੀਅਰ ਤੋਂ ਫ਼ੌਜ ਅਧਿਕਾਰੀ ਬਣੀ ਕੈਪਟਨ ਸਾਨੀਆ ਨੂੰ ਫ਼ੌਜ ਦੀ ਵਰਦੀ ਵਿਰਾਸਤ 'ਚ ਮਿਲੀ ਹੈ। ਉਨ੍ਹਾਂ ਦੇ ਦਾਦਾ ਅਤੇ ਪਿਤਾ ਦੋਵੇਂ ਹੀ ਸੇਵਾਮੁਕਤ ਫ਼ੌਜ ਕਰਮੀ ਹਨ।
ਕੈਪਟਨ ਸਾਨੀਆ ਨੇ ਕਿਹਾ,''ਮੈਂ ਆਪਣੇ ਪਰਿਵਾਰ 'ਚ ਫ਼ੌਜ 'ਚ ਤੀਜੀ ਪੀੜ੍ਹੀ ਹਾਂ।'' ਸਾਨੀਆ ਨੇ ਕਿਹਾ,''ਮੇਰਾ ਹਮੇਸ਼ਾ ਅਜਿਹੇ ਮਾਹੌਲ 'ਚ ਪਾਲਣ-ਪੋਸ਼ਣ ਹੋਇਆ, ਜਿੱਥੇ ਮੈਂ ਬਚਪਨ ਤੋਂ ਹੀ ਕਈ ਕਠਿਨ ਗਤੀਵਿਧੀਆਂ ਦੇਖੀਆਂ ਅਤੇ ਜਿਸ ਨੇ ਮੈਨੂੰ ਫ਼ੌਜ ਵੱਲ ਆਕਰਸ਼ਿਤ ਕੀਤਾ।'' ਉਨ੍ਹਾਂ ਨੇ ਭਾਰਤੀ ਫ਼ੌਜ 'ਚ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਦੱਸਿਆ,''ਮੈਂ ਭਾਰਤ ਫ਼ੌਜ ਦੀ ਇੰਜੀਨੀਅਰ ਇਕਾਈ 'ਚ ਹਾਂ ਅਤੇ ਇਕ ਇੰਜੀਨੀਅਰ ਹੁੰਦੇ ਹੋਣ ਦੇ ਨਾਤੇ ਮੇਰੀਆਂ ਸਮਰੱਥਾਵਾਂ ਦੁੱਗਣੀਆਂ ਹਨ ਅਤੇ ਮੈਨੂੰ ਫ਼ੌਜ ਦਾ ਮੈਂਬਰ ਹੋਣ 'ਤੇ ਮਾਣ ਹੁੰਦਾ ਹੈ।'' ਕੈਪਟਨ ਸਾਨੀਆ ਨੇ ਇਕ ਸੰਦੇਸ਼ 'ਚ ਕਿਹਾ,''ਇਕ ਔਰਤ ਅਤੇ ਇਕ ਅਧਿਕਾਰੀ ਦੇ ਰੂਪ 'ਚ, ਮੈਂ ਚਾਹੁੰਦੀ ਹਾਂ ਕਿ ਹਰ ਮਾਤਾ-ਪਿਤਾ ਆਪਣੀਆਂ ਬੇਟੀਆਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ 'ਚ ਮਦਦਗਾਰ ਬਣਨ।'' ਕੁਝ ਸਾਲ ਪਹਿਲਾਂ ਇਕ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਬੇਲੀ ਪੁਲ ਉਪਯੋਗ 'ਚ ਨਹੀਂ ਸੀ ਪਰ ਕੈਪਟਨ ਸਾਨੀਆ ਦੀ ਅਗਵਾਈ 'ਚ ਮਹਿਲਾ ਟੀਮ ਨੇ 35 ਸਾਲਾ ਬੇਲੀ ਬਰਿੱਜ ਨੂੰ ਸਫ਼ਲਤਾਪੂਰਵਕ ਮੁਰੰਮਤ ਕਰ ਕੇ ਮੁੜ ਤਿਆਰ ਕੀਤਾ।