CBI ਵਲੋਂ ਕੇਜਰੀਵਾਲ ਤੋਂ ਪੁੱਛ-ਗਿੱਛ, ''AAP'' ਦੇ ਪ੍ਰਦਰਸ਼ਨ ਕਾਰਨ ਦਿੱਲੀ ਦੇ ਕਈ ਹਿੱਸਿਆਂ ''ਚ ਭਾਰੀ ਜਾਮ
Sunday, Apr 16, 2023 - 03:50 PM (IST)
ਨਵੀਂ ਦਿੱਲੀ- ਆਬਕਾਰੀ ਨੀਤੀ ਮਾਮਲੇ 'ਚ ਸੀ. ਬੀ. ਆਈ. ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛ-ਗਿੱਛ ਲਈ ਬੁਲਾਏ ਜਾਣ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਦੇ ਕਾਰਕੁੰਨਾਂ ਦੇ ਪ੍ਰਦਰਸ਼ਨਾਂ ਮਗਰੋਂ ਐਤਵਾਰ ਨੂੰ ਦਿੱਲੀ ਦੇ ਕਈ ਹਿੱਸਿਆਂ 'ਚ ਭਾਰੀ ਆਵਾਜਾਈ ਜਾਮ ਵੇਖਿਆ ਗਿਆ।
ਇੱਥੇ ਲੱਗਾ ਭਾਰੀ ਜਾਮ
ਆਨੰਦ ਵਿਹਾਰ ਟਰਮੀਨਲ, ਆਈ. ਟੀ. ਓ ਚੌਕ, ਮੁਕਰਬਾ ਚੌਕ, ਪੀਰਾਗੜ੍ਹੀ ਚੌਕ, ਲਾਡੋ ਸਰਾਏ ਚੌਕ, ਕਰਾਊਨ ਪਲਾਜ਼ਾ ਚੌਕ, ਦਵਾਰਕਾ ਮੋਡ ਸੈਕਟਰ 6 ਅਤੇ ਸੈਕਟਰ 2 ਚੌਰਾਹਾ, ਪੈਸੀਫਿਕ ਵਾਲਾ ਚੌਕ, ਸੁਭਾਸ਼ ਨਗਰ ਚੌਕ, ਪ੍ਰੇਮਵਾੜੀ ਚੌਰਾਹਾ, ਰਿੰਗਵੇਅ ਰੋਡ, ਨਵੀਂ ਦਿੱਲੀ ਰੇਲਵੇ ਸਟੇਸ਼ਨ ਅਜਮੇਰੀ ਗੇਟ ਵੱਲ, ਹਨੂੰਮਾਨ ਮੰਦਰ, ਕਰੋਲ ਬਾਗ ਚੌਕ, ਆਈ. ਆਈ. ਟੀ ਕਰਾਸਿੰਗ, ਆਈ. ਐੱਸ. ਬੀ. ਟੀ ਕਸ਼ਮੀਰੀ ਗੇਟ, ਰਾਜਘਾਟ ਅਤੇ ਮੁਰਗਾ ਮੰਡੀ ਗਾਜ਼ੀਪੁਰ ਨੇੜੇ ਐੱਨ. ਐੱਚ-24 ’ਤੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ।
ਵਾਹਨਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ
‘ਆਪ’ ਦੇ ਧਰਨਾ ਪ੍ਰਦਰਸ਼ਨ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਈ ਥਾਵਾਂ ’ਤੇ ਟਰੈਫਿਕ ਪੁਲਸ ਮੁਲਾਜ਼ਮਾਂ ਦੇ ਨਾਲ ਪੁਲਸ ਮੁਲਾਜ਼ਮ ਵੀ ਤਾਇਨਾਤ ਸਨ ਅਤੇ ਉਹ ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਹਟਣ ਲਈ ਮਨਾ ਰਹੇ ਹਨ।
ਸੀ. ਬੀ. ਆਈ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਸਖ਼ਤ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਇਨ੍ਹਾਂ ਥਾਵਾਂ 'ਤੇ ਲੋੜੀਂਦੀ ਫੋਰਸ ਤਾਇਨਾਤ ਕੀਤੀ ਹੈ ਪਰ ਪ੍ਰਦਰਸ਼ਨਕਾਰੀ ਧਰਨੇ 'ਤੇ ਬੈਠੇ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਹਟਣ ਲਈ ਮਨਾ ਰਹੇ ਹਾਂ ਕਿਉਂਕਿ ਇਸ ਕਾਰਨ ਭਾਰੀ ਜਾਮ ਲੱਗ ਰਿਹਾ ਹੈ। ਜੇਕਰ ਉਹ ਅਜੇ ਵੀ ਸਹਿਯੋਗ ਨਹੀਂ ਕਰ ਰਹੇ ਹਨ, ਤਾਂ ਅਸੀਂ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾ ਰਹੇ ਹਾਂ।
ਇਸ ਦੌਰਾਨ ਦਿੱਲੀ ਪੁਲਸ ਨੇ ਸੀ. ਬੀ. ਆਈ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਸੀ. ਬੀ. ਆਈ ਹੈੱਡਕੁਆਰਟਰ ਦੇ ਬਾਹਰ ਅਰਧ ਸੈਨਿਕ ਬਲਾਂ ਸਮੇਤ 1,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਖੇਤਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।