ਹਿਮਾਚਲ ’ਚ ਬਰਫ਼ਬਾਰੀ ਨਾਲ ਜਨ-ਜੀਵਨ ਪ੍ਰਭਾਵਿਤ, ਲੋਕਾਂ ਲਈ ਖ਼ੜ੍ਹੀਆਂ ਹੋਈਆਂ ਪਰੇਸ਼ਾਨੀਆਂ
Saturday, Feb 05, 2022 - 06:00 PM (IST)
ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ ਸਮੇਤ ਉੱਚਾਈ ਵਾਲੇ ਇਲਾਕਿਆਂ ’ਚ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਲੋਕਾਂ ਨੂੰ ਦੁੱਧ ਅਤੇ ਬਰੈਡ ਤੱਕ ਨਹੀਂ ਮਿਲ ਰਹੀ। ਸ਼ਿਮਲਾ ਦਾ ਸੜਕ ਸੰਪਰਕ ਹੋਰ ਇਲਾਕਿਆਂ ਨਾਲੋਂ ਟੁੱਟ ਗਿਆ ਹੈ। ਸ਼ਹਿਰ ’ਚ ਮੁੱਖ ਸੜਕਾਂ ਤੋਂ ਇਲਾਵਾ ਨਗਰ ਨਿਗਮ ਦੀਆਂ ਸਾਰੀਆਂ ਸੜਕਾਂ ਸਵੇਰੇ ਬੰਦ ਰਹੀਆਂ ਪਰ ਜੰਗੀ ਪੱਧਰ ’ਤੇ ਕੰਮ ਮਗਰੋਂ ਕੁਝ ਸੜਕਾਂ ਨੂੰ ਅੱਜ ਦੁਪਹਿਰ ਬਾਅਦ ਖੋਲ੍ਹ ਦਿੱਤਾ ਗਿਆ ਹੈ।
ਬਰਫ਼ਬਾਰੀ ਕਾਰਨ ਦਰੱਖ਼ਤਾਂ ’ਤੇ ਜੰਮੀ ਬਰਫ਼ ਕਾਰਨ ਦਰੱਖ਼ਤ ਟੁੱਟ ਰਹੇ ਹਨ। ਘਰਾਂ, ਬਿਜਲੀ ਦੀਆਂ ਤਾਰਾਂ ਅਤੇ ਗੱਡੀਆਂ ’ਤੇ ਡਿੱਗੇ ਇਨ੍ਹਾਂ ਦਰੱਖ਼ਤਾਂ ਨਾਲ ਭਾਰੀ ਤਬਾਹੀ ਹੋਈ ਹੈ। ਸੜਕਾਂ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਪੀਣ ਵਾਲੇ ਪਾਣੀ ਦੇ ਸਰੋਤ ਜੰਮ ਗਏ ਹਨ।
ਸ਼ਨੀਵਾਰ ਸੇਵੇਰ ਸ਼ਹਿਰ ’ਚ ਦੁੱਧ-ਬਰੈਡ ਦੀ ਸਪਲਾਈ ਤੱਕ ਨਹੀਂ ਪਹੁੰਚ ਸਕੀ। ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਸ਼ਹਿਰ ਦੇ ਸਰਕਾਰੀ ਦਫ਼ਤਰਾਂ ਵਿਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਸ਼ਿਮਲਾ ਸਮੇਤ ਪੂਰੇ ਹਿਮਾਚਲ ਪ੍ਰਦੇਸ਼ ’ਚ ਟਰਾਂਸਪੋਰਟ ਸੇਵਾਵਾਂ ਠੱਪ ਹਨ। ਸ਼ਿਮਲਾ ਨੂੰ ਰਾਜਧਾਨੀ ਨਾਲ ਜੋੜਨ ਵਾਲਾ ਰਾਸ਼ਟਰੀ ਹਾਈਵੇਅ 5 ਦਿਨ ਬਾਅਦ ਵੀ ਬਹਾਲ ਨਹੀਂ ਹੋ ਸਕਿਆ ਹੈ, ਕਈ ਥਾਂਵਾਂ ’ਤੇ ਸੈਲਾਨੀਆਂ ਦੀਆਂ ਗੱਡੀਆਂ ਬਰਫ਼ ’ਚ ਫਸੀਆਂ ਹਨ। ਸ਼ਿਮਲਾ ਸ਼ਹਿਰ ’ਚ ਜੇ. ਸੀ. ਬੀ ਜ਼ਰੀਏ ਬਰਫ ਹਟਾਈ ਜਾ ਰਹੀ ਹੈ। ਮਜ਼ਦੂਰਾਂ ਜ਼ਰੀਏ ਸੜਕ ਅਤੇ ਮਾਰਗਾਂ ਤੋਂ ਬਰਫ਼ ਹਟਾਉਣ ਦੇ ਨਾਲ-ਨਾਲ ਫਿਸਲਣ ਭਰੀਆਂ ਸੜਕਾਂ ’ਤੇ ਰੇਤ ਵਿਛਾਈ ਜਾ ਰਹੀ ਹੈ।